Home / Breaking News / ਸੰਸਦ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਚਰਚਾ ਦੌਰਾਨ ਇਕ-ਦੂਜੇ ‘ਤੇ ਤਿੱਖੇ ਹਮਲੇ

ਸੰਸਦ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਚਰਚਾ ਦੌਰਾਨ ਇਕ-ਦੂਜੇ ‘ਤੇ ਤਿੱਖੇ ਹਮਲੇ

ਨਵੀਂ ਦਿੱਲੀ-ਦੇਸ਼ ਦੇ ਵਿਕਾਸ ‘ਤੇ ਆਪੋ-ਆਪਣੀ ਦਾਅਵੇਦਾਰੀ ਪੇਸ਼ ਕਰ ਰਹੀ ਕੇਂਦਰ ਸਰਕਾਰ ਅਤੇ ਵਿਰੋਧੀ ਧਿਰਾਂ ਨੇ ਅੱਜ ਸੰਸਦ ‘ਚ ਇਕ-ਦੂਜੇ ਦੇ ਖਿਲਾਫ਼ ਜੰਮ ਕੇ ਸ਼ਬਦੀ ਹਮਲੇ ਕੀਤੇ। ਬਜਟ ਤੋਂ ਪਹਿਲਾਂ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਮਤਾ ਪੇਸ਼ ਕਰਦਿਆਂ ਜਿਥੇ ਕੇਂਦਰ ਸਰਕਾਰ ਨੇ ਨੋਟਬੰਦੀ ਤੇ ਸਰਜੀਕਲ ਸਟਰਾਈਕ ਨੂੰ ਸਰਕਾਰ ਦੇ ਹੌਸਲੇ ਵਾਲੇ ਕਦਮ ਦੱਸਦਿਆਂ ਆਪਣੇ ਖੁਦ ਦੇ ਸੋਹਲੇ ਗਾਏ, ਉਥੇ ਵਿਰੋਧੀ ਧਿਰ ਨੇ ਇਨ੍ਹਾਂ ਮੁੱਦਿਆਂ, ਵਿਸ਼ੇਸ਼ ਤੌਰ ‘ਤੇ ਨੋਟਬੰਦੀ ‘ਤੇ ਸਰਕਾਰ ਨੂੰ ਘੇਰਦਿਆਂ ਲੋਕਾਂ ਦੀਆਂ ਤਕਲੀਫਾਂ ਦੀ ਜਵਾਹਦੇਹੀ ਦੀ ਮੰਗ ਕੀਤੀ।
ਸੰਸਦ ਬਣੀ ਯੂ. ਪੀ. ਚੋਣਾਂ ਲਈ ਮੰਚ ਚੋਣ ਕਮਿਸ਼ਨ ਵੱਲੋਂ ਬਜਟ ‘ਚ ਚੋਣਾਂ ਵਾਲੇ ਰਾਜਾਂ ਲਈ ਵਿਸ਼ੇਸ਼ ਐਲਾਨ ਨਾ ਕਰਨ ਦੀ ਹਦਾਇਤ ਦੀ ਪਾਲਣਾ ਤਾਂ ਕੇਂਦਰ ਸਰਕਾਰ ਵੱਲੋਂ ਕਰ ਲਈ ਗਈ, ਪਰ ਅੱਜ ਸੰਸਦ ਦਾ ਹੇਠਲਾ ਸਦਨ ਉਸ ਵੇਲੇ ਭਾਜਪਾ ਲਈ ਉੱਤਰ ਪ੍ਰਦੇਸ਼ ਚੋਣਾਂ ਦਾ ਮੰਚ ਬਣਿਆ ਨਜ਼ਰ ਆਇਆ, ਜਦੋਂ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤਾ ਪੇਸ਼ ਕਰਨ ਲਈ ਕੇਂਦਰੀ ਮੰਤਰੀ ਡਾ: ਮਹੇਸ਼ ਸ਼ਰਮਾ ਖੜ੍ਹੇ ਹੋਏ। ਡਾ: ਸ਼ਰਮਾ ਨੇ ਆਪਣੇ ਭਾਸ਼ਣ ‘ਚ ਸਿਆਸੀ ਦਲਾਂ ‘ਤੇ ਲੋਕਾਂ ਨੂੰ ਮੁਸਲਮਾਨਾਂ ਅਤੇ ਜਾਤਾਂ ਦੇ ਆਧਾਰ ‘ਤੇ ਵੰਡਣ ਦਾ ਦੋਸ਼ ਲਾਇਆ। ਅਸਿੱਧੇ ਤੌਰ ‘ਤੇ ਉਨ੍ਹਾਂ ਰਾਜ ਦੀਆਂ ਦੋਵੇਂ ਸਥਾਨਕ ਪਾਰਟੀਆਂ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ‘ਤੇ ਸੂਬੇ ਨੂੰ ਵੰਡਣ ਦਾ ਇਲਜ਼ਾਮ ਲਾਇਆ। ਉਨ੍ਹਾਂ ਕਿਹਾ ਕਿ ਨੇਤਾ ਜੀ (ਮੁਲਾਇਮ ਸਿੰਘ ਯਾਦਵ) ਅਤੇ ਮਾਇਆਵਤੀ ਮੁਸਲਮਾਨਾਂ ਨੂੰ ਆਪਣੇ ਵੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਇਥੇ ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ‘ਚ ਜਿਥੇ ਜਾਤੀਵਾਦ ਸਿਆਸਤ ਚੋਣਾਂ ‘ਚ ਸਭ ਤੋਂ ਵੱਧ ਭਾਰੂ ਨਜ਼ਰ ਆਉਂਦੀ ਹੈ, ਉਥੇ ਮੁਸਲਮਾਨ ਤਬਕੇ ਦੀਆਂ ਵੋਟਾਂ ਫੈਸਲਾਕੁੰਨ ਭੂਮਿਕਾ ਨਿਭਾਉਣ ‘ਚ ਅਹਿਮ ਯੋਗਦਾਨ ਪਾਉਂਦੀਆਂ ਹਨ। ਸੱਭਿਆਚਾਰ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਵਿਕਾਸ ਦੇ ਯੋਗਦਾਨ ‘ਚ ਭਾਜਪਾ ਦੀ ਹਿੱਸੇਦਾਰੀ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦਿਆਂ ਕਿਹਾ ਕਿ ਲਖਨਊ ਦੇ ਹੀ 265 ਪਿੰਡ ਬਿਜਲੀ ਤੋਂ ਵਾਂਝੇ ਸਨ, ਪਰ ਉਨ੍ਹਾਂ ਦੀ ਸਰਕਾਰ ਨੇ ਇਸ ਨੂੰ ਤਰਜੀਹੀ ਸੂਚੀ ‘ਚ ਰੱਖਦਿਆਂ ਇਸ ‘ਚ ਕਾਫੀ ਹੱਦ ਤੱਕ ਸਫ਼ਲਤਾ ਹਾਸਲ ਕਰ ਲਈ ਹੈ। ਇਕ ਵਾਰ ਫਿਰ ਮੋਦੀ ਦੇ ਚਰਚਿਤ ਨਾਅਰੇ 56 ਇੰਚ ਦੇ ਸੀਨੇ ਦਾ ਜ਼ਿਕਰ ਕਰਦਿਆਂ ਮਹੇਸ਼ ਸ਼ਰਮਾ ਨੇ ਸਰਜੀਕਲ ਸਟਰਾਈਕ ਅਤੇ ਨੋਟਬੰਦੀ ਨੂੰ ਸਰਕਾਰ ਵੱਲੋਂ ਲਏ ‘ਸਾਹਸੀ’ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਮੋਦੀ ਨੇ ਸਿਆਸੀ ਮੰਤਵਾਂ ਤੋਂ ਉੱਪਰ ਉੱਠਦੇ ਇਹ ਕਦਮ ਲਾਗੂ ਕੀਤਾ। ਵਿਰੋਧੀ ਧਿਰ ਵੱਲੋਂ ਨੋਟਬੰਦੀ ਦੀ ਮੁਖਾਲਫ਼ਤ ਕਰਨ ‘ਤੇ ਤਨਜ਼ ਕਰਦਿਆਂ ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਇਸ ਮੁੱਦੇ ‘ਤੇ ਪ੍ਰਧਾਨ ਮੰਤਰੀ ਦੇ ਨਾਲ ਖੜ੍ਹਾ ਹੈ। ਵਿਰੋਧੀ ਧਿਰ ਨੂੰ ਵੀ ਇਸ ਲਈ ਮੋਦੀ ਦੀ ਹਮਾਇਤ ਕਰਨੀ ਚਾਹੀਦੀ ਹੈ। ਮਹੇਸ਼ ਸ਼ਰਮਾ ਨੇ ਕਾਂਗਰਸ ‘ਤੇ ਤਨਜ਼ ਕਰਦਿਆਂ ਕਿਹਾ ਕਿ 70 ਸਾਲ ਦੇਸ਼ ‘ਚ ਰਾਜ ਕਰਨ ਦੇ ਬਾਵਜੂਦ ਕਾਂਗਰਸ ਵੱਲੋਂ ਗਰੀਬੀ ਮਿਟਾਉਣ ਲਈ ਲੋੜੀਂਦੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ। ਇਸ ਦੇ ਨਾਲ ਹੀ ਡਾ: ਅੰਬੇਡਕਰ, ਸੁਭਾਸ਼ ਚੰਦਰ ਬੋਸ ਅਤੇ ਪਟੇਲ ਦਾ ਜ਼ਿਕਰ ਕਰਦਿਆਂ ਕੇਂਦਰ ਵੱਲੋਂ ਸਿਆਸੀ ਲੀਕਾਂ ਤੋਂ ਉੱਪਰ ਉੱਠ ਕੇ ਇਨ੍ਹਾਂ ਸ਼ਖ਼ਸੀਅਤਾਂ ਨੂੰ ਯਾਦਗਾਰ ਬਣਾਉਣ ਲਈ ਸਰਕਾਰ ਦੇ ਕਦਮਾਂ ਦਾ ਵੀ ਵਿਸਥਾਰ ਨਾਲ ਬਿਆਨ ਦਿੱਤਾ।

1661270__a2

ਦੇਸ਼ ‘ਚ ਲੋਕਤੰਤਰ ਕਾਂਗਰਸ ਕਾਰਨ ਜ਼ਿੰਦਾ-ਖੜਗੇ
ਲੋਕ ਸਭਾ ‘ਚ ਕਾਂਗਰਸ ਦੇ ਨੇਤਾ ਮਲਿਕ ਅਰਜੁਨ ਖੜਗੇ ਨੇ ਭਾਜਪਾ ‘ਤੇ ਪਲਟਵਾਰ ਕਰਦਿਆਂ ਮੌਜੂਦਾ ਸਰਕਾਰ ਦੀਆਂ ‘ਤਾਨਾਸ਼ਾਹੀ’ ਨੀਤੀਆਂ ਨੂੰ ਨਿਸ਼ਾਨੇ ‘ਤੇ ਲਿਆ। ਸ੍ਰੀ ਖੜਗੇ ਨੇ ਕਿਹਾ ਕਿ ਕੇਂਦਰ ਵੱਲੋਂ ਵਾਰ-ਵਾਰ ਕਾਂਗਰਸ ਦਾ ਜ਼ਿਕਰ ਕਰਨ ‘ਤੇ ਇਹ ਕਿਹਾ ਜਾਂਦਾ ਹੈ ਕਿ 70 ਸਾਲਾਂ ‘ਚ ਕਾਂਗਰਸ ਨੇ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ 70 ਸਾਲਾਂ ਤੱਕ ਦੇਸ਼ ਦੇ ਲੋਕਤੰਤਰ ਦੀ ਰਾਖੀ ਕੀਤੀ ਹੈ। ਖੜਗੇ ਨੇ ਸਰਕਾਰ ਪ੍ਰਤੀ ਹਮਲਾਵਰ ਹੁੰਦਿਆਂ ਕਿਹਾ ਕਿ ਕਾਂਗਰਸ ਵੱਲੋਂ ਸੰਭਾਲ ਕੇ ਰੱਖੇ ਇਸ ਲੋਕਤੰਤਰ ਸਦਕਾ ਹੀ ਗਰੀਬ ਪਰਿਵਾਰ ਤੋਂ ਆਉਣ ਵਾਲੇ ਨਰਿੰਦਰ ਮੋਦੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਸ੍ਰੀ ਖੜਗੇ ਨੇ ਕੇਂਦਰ ਤੇ ਯੂ. ਪੀ. ਏ. ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਦਾ ਸਿਹਰਾ ਵੀ ਕੇਂਦਰ ਵੱਲੋਂ ਲੈਣ ਦੀ ਕਵਾਇਦ ‘ਤੇ ਤਨਜ਼ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕੀਤੀਆਂ ਦਾਅਵੇਦਾਰੀਆਂ ‘ਤੇ ਤਾਂ ਇੰਝ ਪ੍ਰਤੀਤ ਹੁੰਦਾ ਹੈ ਕਿ ਦੇਸ਼ ‘ਚ ਹੋਣ ਵਾਲਾ ਸਾਰਾ ਕੰਮ ਸਿਰਫ ਪਿਛਲੇ ਢਾਈ ਸਾਲਾਂ ‘ਚ ਹੀ ਹੋਇਆ ਹੈ। ਸ੍ਰੀ ਖੜਗੇ ਨੇ ਹਰੀ ਕ੍ਰਾਂਤੀ, ਦੁੱਧ ਕ੍ਰਾਂਤੀ ਜਿਹੇ ਵਿਕਾਸ ਦੇ ਕਈ ਮੀਲ ਪੱਥਰਾਂ ਨੂੰ ਕਾਂਗਰਸ ਦੀ ਪ੍ਰਾਪਤੀ ਦੱਸਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਖੜਗੇ ਵੱਲੋਂ ਦਿੱਤੇ ਜਾ ਰਹੇ ਭਾਸ਼ਣ ਸਮੇਂ ਲੋਕ ਸਭਾ ‘ਚ ਮੌਜੂਦ ਸਨ। ਜਦ ਭਾਜਪਾ ਮੈਂਬਰਾਂ ਵੱਲੋਂ ਐਮਰਜੈਂਸੀ ਦਾ ਜ਼ਿਕਰ ਕੀਤਾ ਗਿਆ ਤਾਂ ਖੜਗੇ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਉਸ ਸਮੇਂ ਐਲਾਨੀ ਗਈ ਐਮਰਜੈਂਸੀ ਸੀ, ਜਦਕਿ ਹੁਣ ਅਣਐਲਾਨੀ ਐਮਰਜੈਂਸੀ ਦਾ ਦੌਰ ਹੈ।
ਨੋਟਬੰਦੀ ਗ਼ੈਰ-ਮਨੁੱਖੀ ਫੈਸਲਾ-ਟੀ. ਐਮ. ਸੀ.
ਨੋਟਬੰਦੀ ਨੂੰ ਲੈ ਕੇ ਕੇਂਦਰ ਖਿਲਾਫ ਸ਼ੁਰੂ ਤੋਂ ਹਮਲਾਵਰ ਹੋਈ ਤ੍ਰਿਣਮੂਲ ਕਾਂਗਰਸ ਨੇ ਇਕ ਵਾਰ ਫਿਰ ਸੰਸਦ ‘ਚ ਇਸ ਕਦਮ (ਨੋਟਬੰਦੀ) ਨੂੰ ਹੁਣ ਤੱਕ ਦੇ ਸਿਆਸੀ ਇਤਿਹਾਸ ‘ਚ ਚੁੱਕਿਆ ਸਭ ਤੋਂ ਗ਼ੈਰ-ਮਨੁੱਖੀ ਕਦਮ ਕਰਾਰ ਦਿੱਤਾ। ਟੀ. ਐਮ. ਸੀ. ਆਗੂ ਸੌਗਤ ਰਾਏ ਨੇ ਰਾਸ਼ਟਰਪਤੀ ਦੇ ਭਾਸ਼ਣ ਦੀ ਮੁਖ਼ਾਲਫ਼ਤ ਕਰਦਿਆਂ ਕਿਹਾ ਕਿ ਭਾਸ਼ਣ ‘ਚ ਨੋਟਬੰਦੀ ਕਾਰਨ ਅਤੇ ਹਾਲੀਆ ਰੇਲ ਹਾਦਸਿਆਂ ‘ਚ ਮਰਨ ਵਾਲੇ ਲੋਕਾਂ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਨੋਟਬੰਦੀ ਕਾਰਨ ਨਕਦੀ ਕਢਵਾਉਣ ਅਤੇ ਵਿਆਹ-ਸ਼ਾਦੀ ‘ਤੇ ਖਰਚ ਕਰਨ ‘ਤੇ ਲੱਗੀਆਂ ਪਾਬੰਦੀਆਂ ਬਾਰੇ ਬੋਲਦਿਆਂ ਕਿਹਾ ਕਿ ਹਾਲੇ ਤੱਕ ਵੀ ਕੇਂਦਰ ਕੋਲ ਇਸ ਦਾ ਜਵਾਬ ਨਹੀਂ ਕਿ ਇਹ ਪਾਬੰਦੀਆਂ ਕਦੋਂ ਤੱਕ ਹਟਣਗੀਆਂ। ਟੀ. ਐਮ. ਸੀ. ਨੇਤਾ ਨੇ ਨੋਟਬੰਦੀ ਨੂੰ ਭਾਰਤੀ ਅਰਥ ਵਿਵਸਥਾ ‘ਤੇ ਕੀਤੀ ਸਰਜੀਕਲ ਸਟਰਾਈਕ ਕਰਾਰ ਦਿੰਦਿਆਂ ਕਿਹਾ ਕਿ 125 ਕਰੋੜ ਦੀ ਆਬਾਦੀ ‘ਚੋਂ ਸਿਰਫ 9 ਕਰੋੜ ਲੋਕਾਂ ਕੋਲ ਡੈਬਿਟ ਜਾਂ ਕ੍ਰੈਡਿਟ ਕਾਰਡ ਹੋਣ ਦੇ ਬਾਵਜੂਦ ਸਰਕਾਰ ਨੇ ਡਿਜੀਟਲਲਾਈਜੇਸ਼ਨ ਸ਼ੁਰੂ ਕਰਨ ਦਾ ਦਾਅਵਾ ਕਰ ਦਿੱਤਾ, ਜਦਕਿ ਸਰਕਾਰ ਦਾ ਅਸਲੀ ਮਕਸਦ ਐਨ. ਪੀ. ਏ. ਦੀ ਸਮੱਸਿਆ ਨਾਲ ਉਲਝੇ ਬੈਂਕਾਂ ਨੂੰ ਲੋਕਾਂ ਦੇ ਪੈਸੇ ਨਾਲ ਉਸ ਤੋਂ ਮੁਕਤ ਕਰਵਾਉਣਾ ਸੀ। ਸੌਗਤ ਰਾਏ ਨੇ ਟੀ. ਐਮ. ਸੀ. ਦੇ ਦੋਵਾਂ ਨੇਤਾਵਾਂ ਸੁਦੀਪ ਬੰਦੋਪਾਧਿਆਏ ਅਤੇ ਤਾਪਸ ਪਾਲ ਦੀ ਗ੍ਰਿਫ਼ਤਾਰੀ ਨੂੰ ਵੀ ਸਰਕਾਰ ਵੱਲੋਂ ਬਦਲੇ ਦੀ ਕਾਰਵਾਈ ਵਜੋਂ ਚੁੱਕਿਆ ਕਦਮ ਕਰਾਰ ਦਿੱਤਾ।
ਈ. ਅਹਿਮਦ ਦੀ ਮੌਤ ਦੀ ਪੜਤਾਲ ਦੀ ਕੀਤੀ ਮੰਗ
ਵਿਰੋਧੀ ਪਾਰਟੀਆਂ ਨੇ ਮਰਹੂਮ ਸੰਸਦ ਮੈਂਬਰ ਈ. ਅਹਿਮਦ ਦੀ ਮੌਤ ਦੀ ਵਿਆਪਕ ਪੜਤਾਲ ਕਰਨ ਦੀ ਸਰਕਾਰ ਤੋਂ ਮੰਗ ਕੀਤੀ। ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਇਸ ਸਬੰਧ ‘ਚ ਸੰਸਦੀ ਕਮੇਟੀ ਗਠਿਤ ਕਰਨ ਦੀ ਮੰਗ ਕੀਤੀ ਗਈ। ਵਿਰੋਧੀ ਪਾਰਟੀਆਂ ਨੇ ਕਿਹਾ ਕਿ ਈ. ਅਹਿਮਦ ਦੀ ਮੌਤ ਦੀ ਖ਼ਬਰ ਸਿਰਫ ਇਸ ਲਈ ਛੁਪਾ ਕੇ ਰੱਖੀ ਗਈ ਕਿ ਬਜਟ ਪੇਸ਼ ਕਰਨ ‘ਚ ਰੁਕਾਵਟ ਨਾ ਆਵੇ। ਕਮੇਟੀ ਗਠਨ ਦੀ ਮੰਗ ਬਾਰੇ ਕੁਝ ਸੰਸਦ ਮੈਂਬਰ ਪੋਸਟਰ ਲੈ ਕੇ ਸਦਨ ਦੇ ਵਿਚਕਾਰ ਆ ਗਏ। ਸਪੀਕਰ ਸੁਮਿਤਰਾ ਮਹਾਜਨ ਵੱਲੋਂ ਇਹ ਸਪੱਸ਼ਟੀਕਰਨ ਦਿੱਤਾ ਗਿਆ ਕਿ ਮਰਹੂਮ ਸੰਸਦ ਮੈਂਬਰ ਦੇ ਸਨਮਾਨ ‘ਚ ਇਕ ਦਿਨ ਲੋਕ ਸਭਾ ਦੀ ਕਾਰਵਾਈ ਮੁਲਤਵੀ ਕੀਤੀ ਗਈ ਸੀ, ਪਰ ਮੈਂਬਰਾਂ ਵੱਲੋਂ ਪ੍ਰਦਰਸ਼ਨ ਜਾਰੀ ਰੱਖਣ ‘ਤੇ ਸਪੀਕਰ ਨੇ 12 ਵਜੇ ਤੱਕ ਸਦਨ ਉਠਾ ਦਿੱਤਾ। ਇਸ ਸਬੰਧ ‘ਚ ਸੀ. ਵੇਨੂਗੋਪਾਲ ਅਤੇ ਪ੍ਰੇਮਚੰਦਰਨ ਵੱਲੋਂ ਲੋਕ ਸਭਾ ‘ਚ ਚਰਚਾ ਲਈ ਕੰਮ ਮੁਲਤਵੀ ਮਤਾ ਵੀ ਪੇਸ਼ ਕੀਤਾ ਗਿਆ ਪਰ ਸਪੀਕਰ ਨੇ ਉਸ ਨੂੰ ਨਾਮਨਜ਼ੂਰ ਕਰ ਦਿੱਤਾ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਸਰਕਾਰ ਖਿਲਾਫ ਮਹਾਤਮਾ ਗਾਂਧੀ ਦੇ ਬੁੱਤ ਦੇ ਅੱਗੇ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਸਪੀਕਰ ਸੁਮਿਤਰਾ ਮਹਾਜਨ ਨੇ ਉੜੀਸਾ ‘ਚ ਖੱਬੇ ਪੱਖੀ ਦਹਿਸ਼ਤਗਰਦਾਂ ਵੱਲੋਂ ਮਾਰੇ ਗਏ 8 ਪੁਲਿਸ ਜਵਾਨਾਂ ਅਤੇ ਝਾਰਖੰਡ ‘ਚ ਮਾਰੇ ਗਏ 17 ਖਾਣ ਮਜ਼ਦੂਰਾਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ।
ਯੇਚੁਰੀ ਨੇ ਗੁਰੂ ਗੋਬਿੰਦ ਸਿੰਘ ਵੱਲੋਂ ਕ੍ਰਿਪਾਨ ਪੇਸ਼ ਕਰਨ ਦਾ ਕੀਤਾ ਜ਼ਿਕਰ
ਕਮਿਊਨਿਸਟ ਪਾਰਟੀ ਦੇ ਨੇਤਾ ਸੀਤਾਰਾਮ ਯੇਚੁਰੀ ਨੇ ਗੁਰੂ ਗੋਬਿੰਦ ਸਿੰਘ ਦਾ ਹਵਾਲਾ ਦਿੰਦੇ ਹੋਏ ਸਰਕਾਰ ‘ਤੇ ਹਮਲਾ ਕਰਦਿਆਂ ਕਿਹਾ ਕਿ ਉਹ ਦੇਸ਼ ਵਿਚ ਭੈਅ ਅਤੇ ਧਾਰਮਿਕ ਅਸਹਿਣਸ਼ੀਲਤਾ ਦਾ ਵਾਤਾਵਰਣ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਸਾਡੇ ਰੱਬ ‘ਚ ਵਿਸ਼ਵਾਸ਼ ਨਹੀਂ ਰੱਖਦੇ ਤਾਂ ਤੁਸੀਂ ਦੇਸ਼ ਦਾ ਹਿੱਸਾ ਨਹੀਂ। ਇਹ ਦੇਸ਼ ਵਿਚ ਕੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਧਾਰਮਿਕ ਅਤੇ ਜਾਤੀਵਾਦੀ ਅਤਿਆਚਾਰਾਂ ਤੋਂ ਰਾਖੀ ਲਈ ਗਰੀਬਾਂ ਤੇ ਕਮਜ਼ੋਰ ਲੋਕਾਂ ਨੂੰ ਕ੍ਰਿਪਾਨ ਪੇਸ਼ ਕੀਤੀ ਸੀ। ਸ੍ਰੀ ਯੇਚੁਰੀ ਨੇ ਪੁੱਛਿਆ ਕਿ ਸਾਡੇ ਦੇਸ਼ ਵਿਚ ਹੁਣ ਅਸੀਂ ਕੀ ਕਰ ਰਹੇ ਹਾਂ ਜਿਥੇ ਗਰੀਬਾਂ ਤੇ ਧਾਰਮਿਕ ਅੱਤਿਆਚਾਰ ਤੋਂ ਸਤਾਏ ਲੋਕਾਂ ਦੀ ਰਾਖੀ ਲਈ ਕ੍ਰਿਪਾਨ ਪੇਸ਼ ਕੀਤੀ ਸੀ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਾਲ ਸਰਕਾਰੀ ਸਰਪ੍ਰਸਤੀ ਹੇਠ ਘੱਟਗਿਣਤੀਆਂ ‘ਤੇ ਘੋਰ ਅਤਿਆਚਾਰ ਹੋਏ ਹਨ।

 

About admin

Check Also

ਨਵੇਂ ਸਾਲ ਤੇ ਵਿਆਹਾਂ ‘ਚ ਨਹੀਂ ਚੱਲਣਗੇ ਪਟਾਕੇ

ਹਰਿਆਣਾ ਦੇ ਐੱਨ. ਸੀ. ਆਰ. ਖੇਤਰ ਨੂੰ ਛੱਡ ਕੇ ਪੂਰੇ ਹਰਿਆਣਾ-ਪੰਜਾਬ ਅਤੇ ਚੰਡੀਗੜ੍ਹ ‘ਚ ਵਿਆਹ ...

Leave a Reply

Your email address will not be published. Required fields are marked *