Breaking News
Home / Breaking News / ਕੇਸਰੀ ਰੰਗ ਵਿੱਚ ਰੰਗਿਆ ਕਰਨਾਲ

ਕੇਸਰੀ ਰੰਗ ਵਿੱਚ ਰੰਗਿਆ ਕਰਨਾਲ

ਕਰਨਾਲ: ਐਤਵਾਰ ਨੂੰ ਹਰਿਆਣਾ ਦੇ ਕਰਨਾਲ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖਾਸ ਸਮਾਗਮ ਕਰਵਾਏ ਗਏ। ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਨ੍ਹਾਂ ਸਮਾਗਮਾਂ ਦਾ ਪ੍ਰਬੰਧ ਹਰਿਆਣਾ ਸਰਕਾਰ ਵੱਲੋਂ ਕਰਨਾਲ ਦੀ ਅਨਾਜ ਮੰਡੀ ਵਿੱਚ ਕੀਤਾ ਗਿਆ ਸੀ। ਇਸ ਮੌਕੇ ਸਾਰਾ ਮਾਹੌਲ ਕੇਸਰੀ ਰੰਗ ਵਿੱਚ ਰੰਗਿਆ ਨਜ਼ਰ ਆਇਆ। ਸੰਗਤ ਨੇ ਖਾਸ ਤੌਰ ‘ਤੇ ਕੇਸਰੀ ਦਸਤਾਰਾਂ ਸਜਾ ਕੇ ਤੇ ਕੇਸਰੀ ਦੁਪੱਟਿਆਂ ਨਾਲ ਹਾਜ਼ਰੀ ਲਵਾਈ।

ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਈ ਅਹਿਮ ਐਲਾਨ ਕੀਤੇ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਹਰਿਆਣਾ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ਯੂਨੀਵਰਸਿਟੀ ਦਾ ਨਿਰਮਾਣ ਕੀਤਾ ਜਾਵੇਗਾ ਤੇ ਅਸੰਧ ਦੇ ਸਰਕਾਰੀ ਕਾਲਜ ਦਾ ਨਾਂ ਬਦਲ ਕੇ ਬਾਬਾ ਫਤਿਹ ਸਿੰਘ ਕਾਲਜ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਅੰਬਾਲਾ ਦੇ ਵੀਐਲਡੀਏ ਕਾਲਜ ਨੂੰ ਜਾਂਦੀ ਸੜਕ ਦਾ ਨਾਂ ਵੀ ਮਾਤਾ ਗੁਜਰੀ ਜੀ ਦੇ ਨਾਂ ‘ਤੇ ਰੱਖਿਆ ਜਾਵੇਗਾ।

ਪੰਚਕੁਲਾ ਦੇ ਇਤਿਹਾਸਕ ਗੁਰਦੁਆਰਾ ਨਾਢਾ ਸਾਹਿਬ ਤੋਂ ਪਾਉਂਟਾ ਸਾਹਿਬ ਜਾਂਦੀ ਸੜਕ ਦਾ ਨਾਂ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ਰੱਖਣ ਦਾ ਐਲਾਨ ਕੀਤਾ ਗਿਆ। ਮੁੱਖ ਮੰਤਰੀ ਨੇ ਅੰਬਾਲਾ ਸ਼ਹਿਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਦਰਸਾਉਂਦਾ ਮਿਊਜ਼ੀਅਮ ਬਣਾਉਣ ਦਾ ਐਲਾਨ ਵੀ ਕੀਤਾ। ਮੁੱਖ ਮੰਤਰੀ ਨੇ ਕਿਹਾ 1966 ਵਿੱਚ ਹਰਿਆਣਾ ਦੇ ਵੱਖਰਾ ਸੂਬਾ ਬਣਨ ਤੋਂ ਬਾਅਦ ਪਹਿਲੀ ਵਾਰ ਹਰਿਆਣਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਇੰਨੇ ਵੱਡੇ ਪੱਧਰ ‘ਤੇ ਮਨਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਅਹਿਮ ਸਿੱਖ ਇਤਿਹਾਸਕ ਦਿਹਾੜਿਆਂ ਮੌਕੇ ਸਮਾਗਮ ਕਰਵਾਏ ਜਾਣਗੇ। ਮੁੱਖ ਮੰਤਰੀ ਨੇ ਇਸ ਮੌਕੇ ਪਹੁੰਚੀ ਸੰਗਤ ਤੇ ਸਿੱਖ ਸ਼ਖਸੀਅਤਾਂ ਦਾ ਸ਼ਿਰਕਤ ਕਰਨ ਤੇ ਧੰਨਵਾਦ ਕੀਤਾ। ਸਮਾਗਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਮੁੱਖ ਸੰਸਦੀ ਸਕੱਤਰ ਬਖਸ਼ੀਸ਼ ਸਿੰਘ ਵਿਰਕ ਤੇ ਹੋਰ ਮੰਤਰੀਆਂ ਤੋਂ ਇਲਾਵਾ ਐਸਜੀਪੀਸੀ ਦੇ ਹੋਰ ਅਹੁਦੇਦਾਰਆਂ ਤੇ ਮੈਂਬਰਾਂ ਨੇ ਸ਼ਿਰਕਤ ਕੀਤੀ।

ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸਾਰੇ ਹਰਿਆਣਾ ਵਾਸੀਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਸੀ। ਐਸਜੀਪੀਸੀ ਪ੍ਰਧਾਨ ਨੇ ਹਰਿਆਣਾ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਤੇ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਸਮਾਜ ‘ਚ ਆਪਸੀ ਸਾਂਝ ਤੇ ਭਾਈਚਾਰਾ ਬਣਿਆ ਰਹਿੰਦਾ ਹੈ।

ਪੰਡਾਲ ਸਜਾਉਣ ਦਾ ਜ਼ਿੰਮਾ ਅਹਿਮਦਾਬਾਦ ਦੀ ਉਸੇ ਕੰਪਨੀ ਨੂੰ ਦਿੱਤਾ ਗਿਆ ਸੀ, ਜਿਸ ਨੇ ਪਟਨਾ ਸਾਹਿਬ (ਬਿਹਾਰ) ਵਿਖੇ ਹੋਏ ਵਿਸ਼ਾਲ ਸਮਾਗਮ ਦੌਰਾਨ ਪੰਡਾਲ ਤਿਆਰ ਕੀਤਾ ਸੀ। ਸੰਗਤ ਦੇ ਬੈਠਣ ਲਈ ਤਿੰਨ ਪੰਡਾਲ ਤਿਆਰ ਕੀਤੇ ਗਏ ਸਨ, ਦੋਵੇਂ ਪੰਡਾਲਾਂ ਵਿੱਚ ਮੁੱਖ ਸਟੇਜ ਬਣਾਈ ਗਈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਸਮਾਗਮਾਂ ਦੌਰਾਨ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦੁਰ ਤੱਕ ਦੇ ਕਾਰਜਕਾਲ ਦੇ ਇਤਿਹਾਸ ਦੀ ਪ੍ਰਦਰਸ਼ਨੀ ਸੰਗਤ ਲਈ ਖਾਸ ਖਿੱਚ ਦਾ ਕੇਂਦਰ ਰਹੀ।

About admin

Check Also

ਹੇਮਕੁੰਟ-1-696x387

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਲਵਾਈ ਹਾਜਰੀ

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ...

Leave a Reply

Your email address will not be published. Required fields are marked *