ਫਰੀਦਕੋਟ : ਬਜਾਖਾਨਾ ਰੋਡ ਜੈਤੋਂ ਵਿਖੇ ਮੰਗਲਵਾਰ ਦੀ ਚੜ੍ਹਦੀ ਸਵੇਰ ਇਕ ਬੱਸ ਅਤੇ ਕਾਰ ਦੀ ਭਿਆਨਕ ਟੱਕਰ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਮ੍ਰਿਤਕ ਨੌਜਾਵਾਨ ਦਾ ਧੜ ਉਸ ਦੇ ਸਿਰ ਤੋਂ ਵੱਖ ਹੋ ਗਿਆ। ਜਾਣਕਾਰੀ ਮੁਤਾਬਕ ਜਸਕਰਨ ਸਿੰਘ ਅਤੇ ਗੁਰਸੇਵਕ ਸਿੰਘ ਪੁੱਤਰ ਰਾਜਿੰਦਰ ਸਿੰਘ ਕਾਰ ‘ਚ ਸਵਾਰ ਹੋ ਕੇ ਸੈਦਾਂ ਸਿੰਘ ਵਾਲਾ ਤੋਂ ਜੈਤੋਂ ਜਾ ਰਹੇ ਸਨ, ਜਦੋਂ ਕਿ ਹਰਗੋਬਿੰਦ ਬੱਸ ਚੰਡੀਗੜ੍ਹ ਜਾ ਰਹੀ ਸੀ। ਬੱਸ ਦੀ ਡੀਜ਼ਲ ਵਾਲੀ ਟੈਂਕੀ ਦਾ ਢੱਕਣ ਖੁੱਲ੍ਹਿਆ ਹੋਇਆ ਸੀ, ਜਿਸ ਕਾਰਨ ਇਸ ਦੀ ਟੱਕਰ ਕਾਰ ਨਾਲ ਹੋ ਗਈ ਅਤੇ ਮੌਕੇ ‘ਤੇ ਹੀ ਇਕ ਗੁਰਸੇਵਕ ਸਿੰਘ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਹਾਦਸੇ ਨਾਲ ਸਬੰਧਿਤ ਬੱਸ ਦਾ ਪਰਮਿਟ ਬਰਨਾਲਾ ਤੋਂ ਚੰਡੀਗੜ੍ਹ ਦਾ ਹੈ ਪਰ ਸਿਆਸੀ ਤਾਕਤਾਂ ਕਾਰਨ ਇਹ ਬੱਸ ਜੈਤੋਂ ਤੋਂ ਚੰਡੀਗੜ੍ਹ ਚੱਲਦੀ ਹੈ। ਇਸ ਘਟਨਾ ਤੋਂ ਬਾਅਦ ਲੋਕਾਂ ਨੇ ਬੱਸ ਦੀ ਭੰਨ-ਤੋੜ ਕੀਤੀ ਅਤੇ ਧਰਨਾ ਲਾ ਦਿੱਤਾ। ਪੁਲਸ ਘਟਨਾ ਵਾਲੀ ਜਗ੍ਹਾ ‘ਤੇ 2 ਘੰਟਿਆਂ ਬਾਅਦ ਪੁੱਜੀ। ਖਬਰ ਲਿਖੇ ਜਾਣ ਤੱਕ ਲੋਕਾਂ ਵਲੋਂ ਧਰਨਾ ਜਾਰੀ ਸੀ।
