Breaking News
Home / Featured / ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਗੁਰਗੱਦੀ ਦਿਵਸ

ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਗੁਰਗੱਦੀ ਦਿਵਸ

ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਸਿੱਖ ਕੌਮ ਦੇ 7ਵੇਂ ਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਗੁਰੁਤਾ ਗੱਦੀ ਦਿਵਸ ਹੈ। ਗੁਰੂ ਸਾਹਿਬ ਦੇ ਚੌਗਰਿਦੇ ਨਾਲ ਖਾਸ ਸਨੇਹ ਹੋਣ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰੂ ਸਾਹਿਬ ਦੇ ਗੁਰੂਤਾ ਗੱਦੀ ਦਿਹਾੜੇ ਨੂੰ ਵਾਤਾਵਰਨ ਦਿਹਾੜੇ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਗੁਰੂ ਹਰਿ ਰਾਏ ਸਾਹਿਬ ਨੂੰ ਮਹਿਜ਼ 14 ਸਾਲ ਦੀ ਉਫਮਰ ਵਿੱਚ ਗੁਰਗੱਦੀ ਦੀ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਸੀ। ਆਪ ਜੀ ਦਾ ਪ੍ਰਕਾਸ਼ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਜੀ ਦੀ ਕੁੱਖੋਂ 16 ਜਨਵਰੀ 1630 ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ ਸੀ।

ਗੁਰੂ ਸਾਹਿਬ ਬਹੁਤ ਹੀ ਕੋਮਲ ਹਿਰਦੇ ਦੇ ਮਾਲਕ ਸਨ। ਇੱਕ ਵਾਰ ਬਾਲ ਹਰਿ ਰਾਏ ਬਾਗ ਵਿੱਚ ਟਹਿਲ ਰਹੇ ਸਨ ਤਾਂ ਆਪ ਜੀ ਦੇ ਲਿਬਾਸ ਨਾਲ ਉਲਝ ਕੇ ਇਕ ਫੁੱਲ ਟਹਿਣੀ ਤੋਂ ਟੁੱਟ ਗਿਆ, ਇਹ ਦੇਖ ਕੇ ਆਪ ਬਹੁਤ ਉਦਾਸ ਹੋ ਗਏ ਅਤੇ ਫਿਰ ਆਪਣੇ ਦਾਦਾ ਗੁਰੂ ਹਰਗੋਬਿੰਦ ਜੀ ਦੇ ਸਮਝਾਉਣ ‘ਤੇ ਸਦਾ ਸੰਭਲ ਕੇ ਤੁਰਨ ਦੀ ਆਦਤ ਬਣਾ ਲਈ। ਹਰਿ ਰਾਏ ਜੀ ਦਾ ਸਾਰਾ ਪਾਲਣ ਪੋਸ਼ਣ ਦਾਦਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਦੇਖ ਰੇਖ ਹੇਠ ਹੋਇਆ ਸੀ।

1644 ਵਿੱਚ ਜਦੋਂ ਆਪ ਜੀ ਕੇਵਲ 14 ਸਾਲ ਦੇ ਸਨ ਤਾਂ ਛੇਵੇਂ ਦਾਦਾ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਜੀ ਨੂੰ ਗੁਰਿਆਈ ਦੇ ਸੇਵਾ ਸੌਂਪ ਦਿੱਤੀ। ਹਾਲਾਂਕਿ ਆਪ ਨੇ ਆਪਣੇ ਜੀਵਲਨ ਕਾਲ ਦੌਰਾਨ ਕੋਈ ਯੁੱਧ ਨਹੀਂ ਲੜਿਆ ਪਰ ਛੇਵੇਂ ਗੁਰੂ ਸਾਹਿਬ ਦੀ ਪ੍ਰੇਰਨਾ ਸਦਕਾ ਆਪ ਜੀ ਕੋਲ ਸਦਾ 2200 ਸ਼ਸਤਰਧਾਰੀ ਯੋਧੇ ਤਿਆਰ-ਬਰ-ਤਿਆਰ ਰਹਿੰਦੇ ਸਨ। ਆਪ ਜੀ ਦੇ ਸਮੇਂ ਲੰਗਰ ਸੰਸਥਾ ਵਿੱਚ ਹੋਰ ਵਿਕਾਸ ਹੋਇਆ। ਵਾਤਾਵਰਨ ਦੀ ਸੰਭਾਲ ਵਿੱਚ ਖਾਸ ਯੋਗਦਾਨ ਪਾਉਂਦਿਆਂ ਆਪ ਜੀ ਨੇ ਕਈ ਥਾਵਾਂ ‘ਤੇ ਫਲਾਂ, ਫੁੱਲਾਂ ਤੇ ਜੜੀ ਬੂਟੀਆਂ ਦੇ ਰੁੱਖਾਂ ਵਾਲੇ ਬਾਗ ਆਪਣੇ ਹੱਥੀਂ ਲਾਏ ਤੇ ਦੇਖਭਾਲ ਕੀਤੀ। ਕੀਰਤਪੁਰ ਸਾਹਿਬ ਵਿਖੇ ਆਪ ਜੀ ਵੱਲੋਂ ਲਗਵਾਇਆ ਬਾਗ ਅੱਜ ਵੀ ਹਰਾ ਭਰਾ ਸੰਭਾਲਿਆ ਹੋਇਆ ਹੈ ਹਾਲਾਂਕਿ ਬਾਗ ਦਾ ਖੇਤਰਫਲ ਉਸ ਵੇਲੇ ਨਾਲੋਂ ਕਾਫੀ ਥੋੜਾ ਰਹਿ ਗਿਆ ਹੈ।

ਆਪ ਜੀ ਨੇ ਰੋਗੀਆਂ ਨੂੰ ਤੰਦਰੁਸਤ ਕਰਨ ਲਈ ਕੀਰਤਪੁਰ ਸਾਹਿਬ ਵਿਖੇ ਇੱਕ ਵੱਡਾ ਦਵਾਖਾਨਾ ਖੋਲਿਆ ਸੀ, ਜਿਸ ਵਿੱਚ ਜੜੀ ਬੂਟੀਆਂ ਨਾਲ ਤਿਆਰ ਕੀਤੀਆਂ ਦਵਾਈਆਂ ਅਤੇ ਬਾਹਰੋਂ ਮੰਗਵਾਈਆਂ ਦੁਰਲੱਭ ਦਵਾਈਆਂ ਰੱਖੀਆਂ ਹੋਈਆਂ ਸਨ। ਸ਼ਾਹ ਜਹਾਨ ਦਾ ਵੱਡਾ ਪੁੱਤਰ ਦਾਰਾ ਸ਼ਿਕੋਹ ਜਦੋਂ ਬਿਮਾਰ ਹੋਇਆ ਸੀ ਤਾਂ ਉਸਦਾ ਰੋਗ ਗੁਰੂ ਸਾਹਿਬ ਵੱਲੋਂ ਦਿੱਤੀ ਦਵਾਈ ਨਾਲ ਹੀ ਕੱਟਿਆ ਸੀ। ਗੁਰੂ ਸਾਹਿਬ ਜੀ ਨੇ 1654 ਤੋਂ 1658 ਤੱਕ ਦੁਆਬੇ ਅਤੇ ਮਾਲਵੇ ਜਾਕੇ ਪ੍ਰਚਾਰ ਕੀਤਾ ਉਸ ਵਕਤ ਸ਼ਾਹਜਹਾਨ ਨੇ ਹਿੰਦੂਆਂ ਦੇ ਮੰਦਰ ਢਾਹੇ ਜਾਣ ਦਾ ਹੁਕਮ ਚਾੜਿਆ ਹੋਇਆ ਸੀ ਤੇ ਗੁਰੂ ਸਾਹਿਬ ਪ੍ਰਚਾਰ ਰਾਹੀਂ ਲੋਕਾਂ ਨੂੰ ਹਿੰਮਤ ਤੇ ਧੀਰਜ ਦਾ ਉਪਦੇਸ਼ ਦਿੰਦੇ ਸਨ। 1654 ਵਿਚ ਗੁਰੂ ਸਾਹਿਬ ਅੰਮ੍ਰਿਤਸਰ ਆਏ ਅਤੇ ਤਕਰੀਬਨ 6 ਮਹੀਨੇ ਉੱਥੇ ਰਹੇ। ਦਾਰਾ ਸ਼ਿਕੋਹ ਗੁਰੂ ਜੀ ਵੱਲੋਂ ਗਰੀਬਾਂ ਦੀ ਮਦਦ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਕਈ ਵਾਰ ਆਪ ਜੀ ਨੂੰ ਆ ਕੇ ਮਿਲਦਾ ਰਿਹਾ। ਔਰੰਗਜ਼ੇਬ ਤੋਂ ਹਾਰ ਖਾਕੇ ਮਦਦ ਲਈ ਪਹੁੰਚੇ ਦਾਰਾ ਸ਼ਿਕੋਹ ਨੂੰ ਗੁਰੂ ਹਰਿ ਰਾਏ ਸਾਹਿਬ ਨੇ ਸ਼ਰਨ ਦਿੱਤੀ ਸੀ ਅਤੇ ਨਿਡਰ ਹੋ ਕੇ ਸਾਥ ਵੀ ਦਿੱਤਾ।

ਆਪਜੀ ਦੇ ਸਪੁੱਤਰ ਰਾਮ ਰਾਏ ਵੱਲੋਂ ਔਰੰਗਜ਼ੇਬ ਦੇ ਦਰਬਾਰ ਵਿੱਚ ਗੁਰਬਾਣੀ ਨੂੰ ਗਲਤ ਉਚਾਰਨ ‘ਤੇ ਆਪ ਜੀ ਬਹੁਤ ਨਰਾਜ਼ ਹੋਏ ਅਤੇ ਸਿੱਖੀ ਨਾਲ ਦਗਾ ਕਮਾਉਣ ਕਾਰਨ ਆਪਣੇ ਪੁੱਤਰ ਦਾ ਕਦੇ ਮੂੰਹ ਨਾ ਦੇਖਿਆ। ਰਾਮ ਰਾਏ ‘ਮਿਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ’ ਤੁਕ ਨੂੰ ‘ਮਿਟੀ ਬੇਈਮਾਨ ਪੇੜੇ ਪਈ ਘੁਮਿਆਰ’ ਕਹਿ ਕੇ ਬਦਲ ਦਿੱਤਾ ਸੀ ਅਤੇ ਆਪਣੇ ਪੁੱਤਰ ਦੇ ਸਿੱਖੀ ਸਿਦਕ ਤੋਂ ਡੋਲਣ ਪ੍ਰਤੀ ਗੁਰੂ ਸਾਹਿਬ ਨੇ ਬਿਨਾਂ ਪਰਿਵਾਰਕ ਮੋਹ ਦੇ ਗੁਰਗੱਦੀ ਦੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਂਦਿਆਂ ਆਪਣੇ ਪੁੱਤਰ ਨੂੰ ਗੁਰੂ ਘਰ ਦਾ ਦੋਖੀ ਕਰਾਰ ਦਿੱਤਾ।

ਮਾਨਵਤਾ ਦੀ ਸੇਵਾ ਕਰਦਿਆਂ ਗੁਰੂ ਸਾਹਿਬ ਜੀ ਆਪਣੇ ਛੋਟੇ ਪੁੱਤਰ ਸ੍ਰੀ ਹਰਿ ਕ੍ਰਿਸ਼ਨ ਨੂੰ ਗੁਰਿਆਈ ਸੌਪ ਕੇ ਕੀਰਤਪੁਰ ਸਾਹਿਬ ਦੀ ਧਰਤੀ ‘ਤੇ 6 ਅਕਤੂਬਰ 1661 ਨੂੰ ਜੋਤੀ ਜੋਤ ਸਮਾ ਗਏ। ਗੁਰੂ ਹਰਿ ਰਾਏ ਜੀ ਲਈ ਮਹਾਨ ਇਤਿਹਾਸਕਾਰ ਕੰਨਿਘਮ ਨੇ ਲਿਖਿਆ ਹੈ ਕਿ ਉਹ ਹਲੀਮੀ ਵਿਚ ਹੀ ਸਾਰੀ ਕਾਰ ਕਰਦੇ ਸਨ। ਲਤੀਫ਼ ਨੇ ਸ਼ਾਤ ਚਿਤ, ਸੰਤੋਖੀ ਅਤੇ ਮਿਠ-ਬੋਲੜੇ ਲਿਖਿਆ ਹੈ ਅਤੇ ਗਰੀਨਲੀਜ਼ ਨੇ ‘ਗੌਸਪਲ ਆਫ਼ ਗੁਰੂ ਗ੍ਰੰਥ ਸਾਹਿਬ’ ਵਿੱਚ ਦਇਆ ਦੀ ਮੂਰਤ ਕਿਹਾ ਹੈ ਅਤੇ ਲਿਖਿਆ ਹੈ ਕਿ ਉਹਨਾਂ ਵਰਗਾ ਮਹਿਮਾਨ ਨਿਵਾਜ਼ ਕੋਈ ਨਹੀਂ ਸੀ।

About admin

Check Also

ਕੈਪਟਨ ਸਰਕਾਰ ਵੱਲੋਂ ਤਬਾਦਲੇ ਹੀ ਤਬਾਦਲੇ

ਪੰਜਾਬ ਦੀ ਕੈਪਟਨ ਸਰਕਾਰ ਆਏ ਦਿਨ ਕਿਸੇ ਨਾ ਕਿਸੇ ਵਿਭਾਗ ਦੇ ਕਰਮਚਾਰੀਆਂ ਦੇ ਤਬਾਦਲੇ ਕਰ ...

Leave a Reply

Your email address will not be published. Required fields are marked *

My Chatbot
Powered by Replace Me