Breaking News
Home / Breaking News / ਐੱਸ. ਜੀ. ਪੀ. ਸੀ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ, ਕੀਤੀ ਮੰਗ

ਐੱਸ. ਜੀ. ਪੀ. ਸੀ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ, ਕੀਤੀ ਮੰਗ

ਅੰਮ੍ਰਿਤਸਰ  : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦੇ ਨਿਰਦੇਸ਼ਾਂ ਅਨੁਸਾਰ ਮੁੱਖ ਸਕੱਤਰ ਹਰਚਰਨ ਸਿੰਘ ਨੇ ਉੱਤਰਾਖੰਡ ਦੇ ਮਾਣਯੋਗ ਮੁੱਖ ਮੰਤਰੀ ਤ੍ਰਿਵੇਂਦਰਾ ਸਿੰਘ ਰਾਵਤ ਨੂੰ ਹਰਿ ਕੀ ਪਾਉੜੀ ਹਰਿਦੁਆਰ ਵਿਖੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨੂੰ ਮੁੜ ਸਥਾਪਤ ਕਰਨ ਲਈ ਇਕ ਪੱਤਰ ਲਿਖਿਆ ਹੈ। ਇਸ ਤੋਂ ਪਹਿਲਾਂ ਲਿਖੇ ਗਏ ਪੱਤਰਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਇਕ ਵਾਰ ਫਿਰ ਮੰਗ ਕੀਤੀ ਕਿ ਇਸ ਮਸਲੇ ਨੂੰ ਸੰਜੀਦਗੀ ਨਾਲ ਲੈਂਦਿਆਂ ਤੁਰੰਤ ਹੱਲ ਕੱਢਿਆ ਜਾਵੇ। ਉਨ੍ਹਾਂ ਪੱਤਰ ਵਿਚ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸਕ ਪੱਖ ਨੂੰ ਉਘਾੜਦਿਆਂ ਕਿਹਾ ਕਿ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਚੌਥੀ ਉਦਾਸੀ ਸਮੇਂ ਹਰਿਦੁਆਰ ਵਿਖੇ ਮਨੁੱਖਤਾ ਦਾ ਭਲਾ ਕਰਨ ਪਹੁੰਚੇ ਸਨ। ਉਨ੍ਹਾਂ ਨੇ ਗੰਗਾ ਨਦੀ ਦੇ ਕਿਨਾਰਿਆਂ ‘ਤੇ ਮਨੁੱਖਤਾ ਨੂੰ ਸੱਚ ਦਾ ਉਪਦੇਸ਼ ਦੇ ਕੇ ਜੀਵਨ ਮਾਰਗ ਦਰਸਾਇਆ ਸੀ।
ਉਨ੍ਹਾਂ ਲਿਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਸ ਫੇਰੀ ਦੀ ਯਾਦ ‘ਚ ਇਥੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸਥਾਪਤ ਸੀ, ਜਿਸ ਨੂੰ ਗੰਗਾ ਨਦੀ ਦੇ ਸੁੰਦਰੀਕਰਨ ਸਮੇਂ ਢਾਹ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਜਿਸ ਦੀ ਕਦਰ ਕਰਦਿਆਂ ਗੁਰਦੁਆਰਾ ਸਾਹਿਬ ਦੀ ਮੁੜ ਉਸਾਰੀ ਦੇ ਨਾਲ-ਨਾਲ ਸਰਾਂ ਤੇ ਲੰਗਰ ਘਰ ਲਈ ਵੀ ਢੁੱਕਵੀਂ ਜਗ੍ਹਾ ਮੁਹੱਈਆ ਕਰਵਾਈ ਜਾਵੇ ਤਾਂ ਜੋ ਸੂਬੇ ਵਿਚ ਵੱਸਦੇ ਸਿੱਖਾਂ ਅਤੇ ਹੋਰ ਧਰਮਾਂ ਦੇ ਲੋਕਾਂ ‘ਚ ਆਪਸੀ ਸਦਭਾਵਨਾ ਬਣੀ ਰਹੇ।

About admin

Check Also

750 ਰੁਪਏ ਹੋਈ ਮਹਿੰਗੀ ਚਾਂਦੀ,ਜਾਣੋ ਸੋਨੇ ਦੇ ਰੇਟ

ਨਵੀਂ ਦਿੱਲੀ,18/11/17:–  ਵਿਆਹਾਂ ਦੇ ਸੀਜ਼ਨ ‘ਚ ਮੰਗ ਵਧਣ ਨਾਲ ਅੱਜ  ਸਰਾਫਾ ਬਾਜ਼ਾਰ ‘ਚ ਸੋਨਾ ਲਗਾਤਾਰ ...

Leave a Reply

Your email address will not be published. Required fields are marked *