ਚੰਡੀਗੜ੍ਹ: ਕੈਪਟਨ ਸਰਕਾਰ ਦੀ ਪੰਜ ਰੁਪਏ ਵਾਲੀ ਥਾਲੀ ਹੁਣ 13 ਰੁਪਇਆਂ ‘ਚ ਮਿਲੇਗੀ। ਮੈਨੀਫੈਸਟੋ ‘ਚ ਕਾਂਗਰਸ ਨੇ 5 ਰੁਪਏ ਵਿੱਚ ਥਾਲੀ ਦਾ ਵਾਅਦਾ ਕੀਤਾ ਸੀ। ਹੁਣ ਵਿੱਤ ਮੰਤਰੀ ਮਨਪ੍ਰੀਤ ਬਾਦਲ ਥਾਲੀ ਮਹਿੰਗੀ ਕਰਨ ਦੀ ਗੱਲ ਕਹਿ ਰਹੇ ਹਨ।
ਮਨਪ੍ਰੀਤ ਬਾਦਲ ਨੇ ਕਿਹਾ, “ਸਾਡਾ ਅਨੁਮਾਨ 5 ਰੁਪਏ ਦੀ ਥਾਲੀ ਦੇਣ ਦਾ ਸੀ ਪਰ 5 ਰੁਪਏ ‘ਚ ਸਭ ਕੁਝ ਨਹੀਂ ਆਉਂਦਾ ਸੀ। ਇਸ ਲਈ 13 ਰੁਪਏ ਦੀ ਥਾਲੀ ‘ਚ ਚੰਗਾ ਤੇ ਪੂਰਾ ਖਾਣਾ ਮਿਲੇਗਾ। ਉਨ੍ਹਾਂ ਦੱਸਿਆ ਰੈੱਡ ਕਰਾਸ ਨਾਲ ਮਿਲਕੇ ਪੰਜਾਬ ਸਰਕਾਰ ਨੇ ਇਹ ਥਾਲੀ ਸ਼ੁਰੂ ਕਰ ਦਿੱਤੀ ਹੈ।
ਮਨਪ੍ਰੀਤ ਬਾਦਲ ਨੇ ‘ਏਬੀਪੀ ਸਾਂਝਾ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਆਪਣੇ ਵਾਅਦਿਆਂ ਪ੍ਰਤੀ ਪ੍ਰਤੀਬੱਧ ਹੈ ਤੇ ਹਰ ਵਾਅਦਾ ਪੂਰਾ ਕਰਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਸੰਕਟ ‘ਚ ਹੈ। ਇਸ ਨੂੰ ਸੰਕਟ ‘ਚੋਂ ਕੱਢਣ ਲਈ ਅਸੀਂ ਹਰ ਕਦਮ ਪੁੱਟ ਰਹੇ ਹਾਂ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਉਹ ਲੀਡਰ ਅਨਪੜ੍ਹ ਹਨ ਜੋ ਪੰਜਾਬ ਦੀ ਆਰਥਿਕਤਾ ਦੇ ਵਿਕਾਸ ਦੇ ਫੋਕੇ ਦਾਅਵੇ ਕਰਦੇ ਹਨ। ਪੰਜਾਬ ਸਰਕਾਰ ਮੈਨੀਫੈਸਟੋ ਦੇ ਪਹਿਲੇ ਵਾਅਦੇ ਤੋਂ ਤਾਂ ਬਦਲ ਗਈ ਹੈ, ਹੁਣ ਦੇਖਣਾ ਹੈ ਕਿ ਉਹ ਅਗਲੇ ਵਾਅਦਿਆਂ ‘ਤੇ ਕਿੰਨਾ ਕੁ ਖੜ੍ਹਦੀ ਹੈ।