Breaking News
Home / Delhi / ਬਾਬਰੀ ਮਸਜਿਦ ਮਾਮਲੇ ‘ਚ ਅਡਵਾਨੀ, ਜੋਸ਼ੀ ਤੇ ਹੋਰਨਾਂ ਖਿਲਾਫ਼ ਫੈਸਲਾ ਰਾਖਵਾਂ

ਬਾਬਰੀ ਮਸਜਿਦ ਮਾਮਲੇ ‘ਚ ਅਡਵਾਨੀ, ਜੋਸ਼ੀ ਤੇ ਹੋਰਨਾਂ ਖਿਲਾਫ਼ ਫੈਸਲਾ ਰਾਖਵਾਂ

ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਮਾਮਲੇ ‘ਚ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ ਅਤੇ ਹੋਰਨਾਂ ਖਿਲਾਫ਼ ਅਪਰਾਧਿਕ ਸਾਜਿਸ਼ ਰਚਣ ਦਾ ਮਾਮਲਾ ਮੁੜ ਤੋਂ ਸ਼ੁਰੂ ਕਰਨ ਸਬੰਧੀ ਪਟੀਸ਼ਨ ‘ਤੇ ਅੱਜ ਫੈਸਲਾ ਸੁਰੱਖਿਅਤ ਰੱਖ ਲਿਆ। ਸੁਪਰੀਮ ਕੋਰਟ ਇਸ ਸਬੰਧੀ ਵੀ ਫੈਸਲਾ ਕਰੇਗੀ ਕਿ ਵੀ. ਵੀ. ਆਈ. ਪੀ. ਦੋਸ਼ੀਆਂ ਖਿਲਾਫ਼ ਸੁਣਵਾਈ ਰਾਏਬਰੇਲੀ ਦੀ ਅਦਾਲਤ ਤੋਂ ਲਖਨਊ ਤਬਦੀਲ ਕੀਤੀ ਜਾ ਸਕਦੀ ਹੈ ਜਾਂ ਨਹੀਂ। 6 ਦਸੰਬਰ, 1992 ਨੂੰ ਵਿਵਾਦਿਤ ਢਾਂਚਾ ਢਾਹੁਣ ਨਾਲ ਸਬੰਧਿਤ ਦੋ ਤਰ੍ਹਾਂ ਦੇ ਮਾਮਲੇ ਹਨ। ਪਹਿਲਾਂ ਕਾਰਸੇਵਕਾਂ ਨਾਲ ਸਬੰਧਿਤ ਹੈ, ਜਿੰਨ੍ਹਾਂ ਦੀ ਸੁਣਵਾਈ ਲਖਨਊ ਦੀ ਅਦਾਲਤ ‘ਚ ਚੱਲ ਰਹੀ ਹੈ, ਜਦੋਂਕਿ ਦੂਸਰਾ ਮਾਮਲਾ ਰਾਏਬਰੇਲੀ ਦੀ ਇਕ ਅਦਾਲਤ ‘ਚ ਵੀ. ਵੀ. ਆਈ. ਪੀ. ਨਾਲ ਸਬੰਧਿਤ ਚੱਲ ਰਿਹਾ ਹੈ। ਜਸਟਿਸ ਪੀ. ਸੀ. ਘੋਸ਼ ਅਤੇ ਜਸਟਿਸ ਆਰ. ਐਫ. ਨਰੀਮਨ ਦੇ ਬੈਂਚ ਨੇ ਸਾਰੇ ਸਬੰਧਿਤ ਪੱਖਾਂ ਦੀਆਂ ਦਲੀਲਾਂ ਸੁਣਨ ਪਿੱਛੋਂ ਫੈਸਲਾ ਰਾਖਵਾਂ ਰੱਖ ਲਿਆ। ਇਸ ਤੋਂ ਪਹਿਲਾਂ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਅਡਵਾਨੀ, ਜੋਸ਼ੀ, ਉਮਾ ਭਾਰਤੀ, ਕਲਿਆਨ ਸਿੰਘ ਅਤੇ ਹੋਰਨਾਂ ਖਿਲਾਫ਼ ਮੁੜ ਸੁਣਵਾਈ ਸ਼ੁਰੂ ਕਰਨ ਦੀ ਬੈਂਚ ਨੂੰ ਅਪੀਲ ਕੀਤੀ ਸੀ। ਸੀ. ਬੀ. ਆਈ. ਨੇ ਬੈਂਚ ਨੂੰ ਕਿਹਾ ਕਿ ਅਡਵਾਨੀ ਅਤੇ 12 ਹੋਰ ਨੇਤਾ ਵਿਵਾਦਿਤ ਢਾਂਚਾ ਢਾਹੁਣ ਦੀ ਸਾਜਿਸ਼ ਦਾ ਹਿੱਸਾ ਸਨ। ਸੀ. ਬੀ. ਆਈ. ਵੱਲੋਂ ਪੇਸ਼ ਵਕੀਲ ਨੀਰਜ ਕਿਸ਼ਨ ਕੌਲ ਨੇ ਦਲੀਲ ਦਿੱਤੀ ਕਿ ਬਾਬਰੀ ਮਸਜਿਦ ਨਾਲ ਸਬੰਧਿਤ ਇਕ ਮਾਮਲਾ ਰਾਏਬਰੇਲੀ ਦੀ ਅਦਾਲਤ ‘ਚ ਵੀ ਚੱਲ ਰਿਹਾ ਹੈ, ਜਿਸ ਦੀ ਸੁਣਵਾਈ ਲਖਨਊ ਦੀ ਵਿਸ਼ੇਸ਼ ਅਦਾਲਤ ‘ਚ ਇਕੱਠੀ ਹੋਣੀ ਚਾਹੀਦੀ ਹੈ। ਜਾਂਚ ਏਜੰਸੀ ਨੇ ਕਿਹਾ ਕਿ ਇਲਾਹਾਬਾਦ ਹਾਈ ਕੋਰਟ ਦੇ ਉਸ ਫੈਸਲੇ ਨੂੰ ਰੱਦ ਕਰ ਦੇਣਾ ਚਾਹੀਦਾ ਹੈ ਜਿਸ ਉਸ ਨੇ ਅਪਰਾਧਿਕ ਸਾਜਿਸ਼ ਦੀ ਧਾਰਾ ਨੂੰ ਹਟਾਇਆ ਸੀ। ਪਿਛਲੇ ਮਹੀਨੇ ਅਦਾਲਤ ਨੇ ਵਿਵਾਦਿਤ ਢਾਂਚਾ ਢਾਹੁਣ ਦੇ ਮਾਮਲੇ ‘ਚ ਸੁਣਵਾਈ ਦੋ ਹਫ਼ਤਿਆਂ ਲਈ ਟਾਲ ਦਿੱਤੀ ਸੀ ਅਤੇ ਅਡਵਾਨੀ ਸਣੇ 13 ਨੇਤਾਵਾਂ ਨੂੰ ਮਾਮਲੇ ‘ਚ ਹਲਫਨਾਮਾ ਦਾਇਰ ਕਰਨ ਦਾ ਆਦੇਸ਼ ਦਿੱਤਾ ਸੀ। ਹੁਣ ਸੁਪਰੀਮ ਕੋਰਟ ਨੇ ਇਹ ਤੈਅ ਕਰਨਾ ਹੈ ਕਿ ਅਡਵਾਨੀ ਸਣੇ 13 ਨੇਤਾਵਾਂ ‘ਤੇ ਸਾਜਿਸ਼ ਦਾ ਮੁਕੱਦਮਾ ਚੱਲੇਗਾ ਜਾਂ ਨਹੀਂ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਮਾਮਲਾ 25 ਸਾਲ ਤੋਂ ਬਕਾਇਆ ਪਿਆ ਹੈ, ਹੁਣ ਰੋਜ਼ਾਨਾ ਸਮਾਂਬੱਧ ਤਰੀਕੇ ਨਾਲ ਸੁਣਵਾਈ ਦਾ ਆਦੇਸ਼ ਦੇਣ ‘ਤੇ ਵਿਚਾਰ ਕੀਤਾ ਜਾਵੇਗਾ, ਤਾਂਕਿ ਇਸ ਨੂੰ 2 ਸਾਲ ਦੇ ਅੰਦਰ ਪੂਰਾ ਕੀਤਾ ਜਾ ਸਕੇ।

About admin

Check Also

ਹੇਮਕੁੰਟ-1-696x387

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਲਵਾਈ ਹਾਜਰੀ

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ...

Leave a Reply

Your email address will not be published. Required fields are marked *