ਹੁਸ਼ਿਆਰਪੁਰ-ਪਿਛਲੇ ਕਰੀਬ ਇੱਕ ਹਫ਼ਤੇ ਤੋਂ ਪੁਲਿਸ ਦੇ ਨੱਕ ‘ਚ ਦਮ ਕਰਕੇ ਸ਼ਹਿਰ ‘ਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਕਥਿਤ ਦੋਸ਼ੀ ਨੂੰ ਅੱਜ ਲੋਕਾਂ ਵੱਲੋਂ ਕਾਬੂ ਕਰ ਲਿਆ ਗਿਆ, ਜਿਸ ਦੇ ਚੱਲਦਿਆਂ ਪੁਲਿਸ ਨੂੰ ਵੀ ਸੁੱਖ ਦਾ ਸਾਹ ਮਿਲਿਆ | ਜ਼ਿਕਰਯੋਗ ਹੈ ਕਿ ਇਹ ਕਥਿਤ ਦੋਸ਼ੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਖਾਸ ਕਰਕੇ ਔਰਤਾਂ ਤੋਂ ਪਰਸ ਖੋਹ ਕੇ ਫਰਾਰ ਹੋ ਜਾਂਦਾ ਸੀ ਤੇ ਲੋਕਾਂ ਵੱਲੋਂ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਇਹ ਝਪਟਮਾਰ ਕਾਬੂ ਨਹੀਂ ਆ ਰਿਹਾ ਸੀ | ਪਿਛਲੇ 3 ਦਿਨਾਂ ਤੋਂ ਇਹ ਝਪਟਮਾਰ ਨੌਜਵਾਨ ਬੱਸ ਸਟੈਂਡ ਰੋਡ ‘ਤੇ ਵੀ ਸਰਗਰਮ ਹੋ ਚੁੱਕਾ ਸੀ, ਜਿਸ ਨੇ ਲਗਾਤਾਰ ਤਿੰਨੋਂ ਦਿਨ ਵੱਖ-ਵੱਖ ਔਰਤਾਂ ਤੋਂ ਪਰਸ ਖੋਹ ਕੇ ਫਰਾਰ ਹੋ ਗਿਆ ਸੀ, ਪਰ ਅੱਜ ਜਦੋਂ ਬਾਅਦ ਦੁਪਹਿਰ ਉਕਤ ਨੌਜਵਾਨ ਐਕਟਿਵਾ ‘ਤੇ ਸਵਾਰ ਹੋ ਕੇ ਰਿਕਸ਼ੇ ‘ਤੇ ਜਾ ਰਹੀ ਔਰਤ ਤੋਂ ਪਰਸ ਖੋਹ ਕੇ ਫਰਾਰ ਹੋਇਆ ਤਾਂ ਪਹਿਲਾਂ ਤੋਂ ਹੀ ਅੱਕੇ ਹੋਏ ਮੁਹੱਲਾ ਵਾਸੀਆਂ ਅਤੇ ਦੁਕਾਨਦਾਰਾਂ ਨੇ ਉਸ ਦਾ ਪਿੱਛਾ ਕੀਤਾ, ਜਿਸ ਦੌਰਾਨ ਉਸ ਦੀ ਐਕਟਿਵਾ ਇੱਕ ਗਲੀ ‘ਚ ਅਚਾਨਕ ਬੇਕਾਬੂ ਡਿੱਗ ਪਈ ਤੇ ਉਹ ਜਖ਼ਮੀ ਹੋ ਗਿਆ, ਪਰ ਫਿਰ ਮੌਕੇ ਦਾ ਫ਼ਾਇਦਾ ਉਠਾਉਂਦਿਆਂ ਫਰਾਰ ਹੋਣ ‘ਚ ਸਫ਼ਲ ਹੋ ਗਿਆ ਅਤੇ ਆਪਣੇ ਬਚਾਅ ਲਈ ਐਕਟਿਵਾ ਸਮੇਤ ਸਿਵਲ ਹਸਪਤਾਲ ‘ਚ ਵੜਿਆ, ਜਿੱਥੇ ਉਹ ਆਪਣੀ ਐਕਟਿਵਾ ਛੱਡ ਕੇ ਪੈਦਲ ਹੀ ਮੁਹੱਲਾ ਕਮਾਲਪੁਰ ਵੱਲ ਨੂੰ ਭੱਜ ਪਿਆ, ਜਿਸ ਨੂੰ ਪਹਿਲਾਂ ਤੋਂ ਹੀ ਪਿੱਛਾ ਕਰ ਰਹੇ ਸਿਮਰਨਜੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਅਤੇ ਥਾਣਾ ਮਾਡਲ ਟਾਊਨ ਪੁਲਿਸ ਦੇ ਹਵਾਲੇ ਕਰ ਦਿੱਤਾ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਕਰੀਬ 2:30 ਵਜੇ ਇੱਕ ਆਂਗਣਵਾੜੀ ਵਰਕਰ ਹਰਬੰਸ ਕੌਰ ਪਤਨੀ ਬਲਵੀਰ ਸਿੰਘ ਵਾਸੀ ਪਿੰਡ ਮੋਇਲਾ ਆਪਣੀਆਂ ਹੋਰਨਾਂ ਸਾਥਣਾਂ ਸਮੇਤ ਸਥਾਨਕ ਦਸਮੇਸ਼ ਨਗਰ ਤੋਂ ਮੀਟਿੰਗ ‘ਚ ਸ਼ਾਮਿਲ ਹੋਣ ਉਪਰੰਤ ਰਿਕਸ਼ੇ ‘ਤੇ ਸਵਾਰ ਹੋ ਕੇ ਬੱਸ ਸਟੈਂਡ ਵੱਲ ਜਾ ਰਹੀ ਸੀ ਤਾਂ ਪਿੱਛਿਓਾ ਆ ਰਹੇ ਇੱਕ ਐਕਟਿਵਾ ਸਵਾਰ ਨੌਜਵਾਨ ਨੇ ਉਸ ਦਾ ਪਰਸ ਖੋਹ ਲਿਆ ਤੇ ਫਰਾਰ ਹੋ ਗਿਆ | ਔਰਤ ਨੇ ਦੱਸਿਆ ਕਿ ਉਸ ਦੇ ਪਰਸ ‘ਚ ਕਰੀਬ 2100 ਰੁਪਏ ਦੀ ਨਗਦੀ, ਏ.ਟੀ.ਐਮ. ਕਾਰਡ ਤੇ ਹੋਰ ਜ਼ਰੂਰੀ ਕਾਗਜ਼ਾਤ ਸਨ | ਇਸ ਤੋਂ ਬਾਅਦ ਉ ੱਥੇ ਮੌਜੂਦ ਲੋਕਾਂ ਅਤੇ ਦੁਕਾਨਦਾਰਾਂ ਨੇ ਉਸ ਦਾ ਪਿੱਛਾ ਕੀਤਾ ਤੇ ਉਸ ਨੂੰ ਕਾਬੂ ਕਰ ਲਿਆ ਤੇ ਉਸ ਦੀ ਜੰਮ ਕੇ ਛਿੱਤਰਪ੍ਰੇਡ ਕੀਤੀ ਅਤੇ ਪੁਲਿਸ ਹਵਾਲੇ ਕਰ ਦਿੱਤਾ | ਸੂਤਰਾਂ ਅਨੁਸਾਰ ਪੁਲਿਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਨੌਜਵਾਨ ਦੀ ਪਹਿਚਾਣ ਇੰਦਰਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਗਲੀ ਨੰ: 11 ਮੁਹੱਲਾ ਟੈਗੋਰ ਨਗਰ ਹੁਸ਼ਿਆਰਪੁਰ ਵਜੋਂ ਹੋਈ ਹੈ | ਇਸ ਦੌਰਾਨ ਕਥਿਤ ਦੋਸ਼ੀ ਨੌਜਵਾਨ ਨੇ ਮੰਨਿਆ ਕਿ ਉਸ ਨੇ ਕਰੀਬ ਇੱਕ ਹਫ਼ਤੇ ਤੋਂ ਸ਼ਹਿਰ ‘ਚ ਦਰਜ਼ਨ ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ ਤੇ ਜਿਸ ਐਕਟਿਵਾ ਦੀ ਵਰਤੋਂ ਉਹ ਵਾਰਦਾਤ ਲਈ ਕਰਦਾ ਸੀ, ਉਹ ਵੀ ਚੋਰੀ ਦੀ ਸੀ ਤੇ ਉਸ ‘ਤੇ ਨੰਬਰ ਪਲੇਟ ਵੀ ਜਾਅਲੀ ਸੀ | ਉਸ ਨੇ ਦੱਸਿਆ ਕਿ ਕਥਿਤ ਦੋਸ਼ੀ ਨਸ਼ੇ ਦਾ ਆਦੀ ਹੈ, ਜਿਸ ਲਈ ਉਹ ਅਜਿਹੀਆਂ ਵਾਰਦਾਤਾਂ ਕਰਦਾ ਹੈ | – See more at: http://beta.ajitjalandhar.com/edition/20170409/10.cms#sthash.rxWuZy86.dpuf
