Home / Breaking News / ਰੱਖੜ ਪੁੰਨਿਆ ਦੇ ਪ੍ਰੋਗਰਾਮ ‘ਚ ਭਗਵੰਤ ਮਾਨ ਵਜਾਉਣਗੇ ਚੋਣ ਬਿਗੁਲ

ਰੱਖੜ ਪੁੰਨਿਆ ਦੇ ਪ੍ਰੋਗਰਾਮ ‘ਚ ਭਗਵੰਤ ਮਾਨ ਵਜਾਉਣਗੇ ਚੋਣ ਬਿਗੁਲ

ਜਲੰਧਰ —ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਚੋਣਾਂ ‘ਚ ਕਰਾਰੀ ਹਾਰ ਤੋਂ ਬਾਅਦ ਪੰਜਾਬ ਇਕਾਈ ‘ਚ ਪੈਦਾ ਹੋਈ ਧੜੇਬਾਜ਼ੀ ਅਤੇ ਅੰਦਰੂਨੀ ਕਲੇਸ਼ ‘ਚੋਂ ਇਹ ਨਤੀਜਾ ਨਿਕਲ ਕੇ ਸਾਹਮਣੇ ਆਇਆ ਸੀ ਕਿ ਜੇਕਰ ਦਿੱਲੀ ਦੇ ਨੇਤਾਵਾਂ ਨੇ ਪੰਜਾਬ ‘ਚ ਮਨਮਰਜ਼ੀ ਨਾ ਚਲਾਈ ਹੁੰਦੀ ਤਾਂ ਸ਼ਾਇਦ ਪੰਜਾਬ ‘ਚ ‘ਆਪ’ ਦੀ ਹਾਲਤ ਇੰਨੀ ਖਰਾਬ ਨਾ ਹੁੰਦੀ । ਮਾਮਲੇ ਬਾਰੇ ਪਾਰਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਗੁਰਦਾਸਪੁਰ ਲੋਕ ਸਭਾ ਸੀਟ ਉੱਪ ਚੋਣ ਲਈ ਪਾਰਟੀ ਹਾਈਕਮਾਨ ਨੇ ਇਹ ਫੈਸਲਾ ਲਿਆ ਹੈ ਕਿ ਇਸ ਚੋਣ ‘ਚ ਪਾਰਟੀ ਦੀ ਦਿੱਲੀ ਲੀਡਰਸ਼ਿਪ ਕੋਈ ਦਖਲ ਨਹੀਂ ਦੇਵੇਗੀ। ਗੁਰਦਾਸਪੁਰ ਉਪ ਚੋਣ ‘ਚ ਸਾਰੀ ਯੋਜਨਾਬੰਦੀ ਅਤੇ ਤਿਆਰੀ ਪੰਜਾਬ ਇਕਾਈ ਹੀ ਕਰੇਗੀ।

‘ਆਪ’ ਪੰਜਾਬ ‘ਚ ਸੂਬਾ ਇਕਾਈ ਦੇ ਗਠਨ ਤੋਂ ਬਾਅਦ ਲਗਾਤਾਰ ਜ਼ਿਲਾ ਇਕਾਈਆਂ ਦੇ ਗਠਨ ‘ਚ ਲੱਗੀ ਹੈ ਤਾਂ ਕਿ ਆਉਣ ਵਾਲੀਆਂ ਨਿਗਮ ਚੋਣਾਂ ‘ਚ ਵੀ ਪਾਰਟੀ ਪੂਰਾ ਦਮ ਦਿਖਾ ਸਕੇ। ਭਾਵੇਂ ਅਜੇ ਤਕ ਗੁਰਦਾਸਪੁਰ ਉਪ ਚੋਣ ਅਤੇ ਨਿਗਮ ਚੋਣਾਂ ਦੀ ਤਰੀਕ ਤੈਅ ਨਹੀਂ ਹੋ ਸਕੀ ਪਰ ਪਾਰਟੀ ਵਲੋਂ ਲਗਾਤਾਰ ਗੁਰਦਾਸਪੁਰ ਉਪ ਚੋਣ ਲਈ ਆਪਣੇ ਉਮੀਦਵਾਰ ਦੇ ਨਾਂ ਲਈ ਸਰਵੇ ਕੀਤਾ ਜਾ ਰਿਹਾ ਹੈ। ਇਸ ਮੌਕੇ ਪਾਰਟੀ ਦੀ ਲਿਸਟ ‘ਚ ਇਸ ਸੀਟ ਤੋਂ ਉਮੀਦਵਾਰੀ ਲਈ ਜੋ ਨਾਂ ਸ਼ਾਮਲ ਹਨ, ਉਨ੍ਹਾਂ ‘ਚ ਕੰਵਰਪ੍ਰੀਤ ਕਾਕੀ, ਲਖਬੀਰ ਸੈਣੀ ਅਤੇ ਗੁਰਪ੍ਰਤਾਪ ਸ਼ਾਮਲ ਹਨ ਪਰ ਜਾਣਕਾਰੀ ਅਨੁਸਾਰ ਜਿਸ ਤਰ੍ਹਾਂ ਪ੍ਰਸਿੱਧ ਅਭਿਨੇਤਾ ਅਤੇ ਭਾਜਪਾ ਸੰਸਦ ਮੈਂਬਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਭਾਜਪਾ ਇਸ ਸੀਟ ‘ਤੇ ਕਿਸੇ ਪ੍ਰਸਿੱਧ ਹਸਤੀ ਜਾਂ ਅਭਿਨੇਤਾ ਨੂੰ ਉਤਾਰਨ ਦਾ ਮਨ ਬਣਾ ਰਹੀ ਹੈ, ਅਜਿਹੇ ‘ਚ ਹੋ ਸਕਦਾ ਹੈ ਕਿ ‘ਆਪ’ ਵੀ ਕਿਸੇ ਅਜਿਹੀ ਹੀ ਹਸਤੀ ਨੂੰ ਇਸ ਸੀਟ ‘ਤੇ ਉਤਾਰੇ। ਪਰ ਅਜੇ ਸਭ ਕਾਗਜ਼ੀ ਪਲਾਨ ਹੀ ਹੈ ਅਤੇ ਦੇਖਣਾ ਹੋਵੇਗਾ ਕਿ ਇਸ ਮਾਮਲੇ ‘ਤੇ ਪਾਰਟੀ ਕੀ ਫੈਸਲਾ ਲੈਂਦੀ ਹੈ।

ਉਧਰ ਮਾਮਲੇ ਬਾਰੇ ਪਾਰਟੀ ਦੇ ਸੀਨੀਅਰ ਨੇਤਾਵਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਾਰ ਗੁਰਦਾਸਪੁਰ ਉਪ ਚੋਣ ‘ਚ ਪਾਰਟੀ ਦੀ ਦਿੱਲੀ ‘ਚ ਬੈਠੀ ਲੀਡਰਸ਼ਿਪ ਕੋਈ ਦਖਲ ਨਹੀਂ ਦੇਵੇਗੀ। ਇਥੋਂ ਤਕ ਕਿ ਪਾਰਟੀ ਵਲੋਂ ਗੁਰਦਾਸਪੁਰ ਉਪ ਚੋਣ ‘ਚ ਪ੍ਰਚਾਰ ਲਈ ਵੀ ਦਿੱਲੀ ਤੋਂ ਜ਼ਿਆਦਾ ਨੇਤਾ ਨਹੀਂ ਭੇਜੇ ਜਾਣਗੇ। ਪ੍ਰਚਾਰ ਦੀ ਸਾਰੀ ਜ਼ਿੰਮੇਵਾਰੀ ਵੀ ਪੰਜਾਬ ਇਕਾਈ ਦੀ ਹੀ ਹੋਵੇਗੀ ਅਤੇ ਚੋਣ ਮੁੱਦੇ ਵੀ ਲੋਕਲ ਮੰਗਾਂ ਅਨੁਸਾਰ ਹੀ ਤੈਅ ਕੀਤੇ ਜਾਣਗੇ।

ਪਾਰਟੀ ਸੂਤਰਾਂ ਅਨੁਸਾਰ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਦੇ ਪ੍ਰੋਗਰਾਮ ‘ਚ ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਗੁਰਦਾਸਪੁਰ ਉਪ ਚੋਣ ਦਾ ਬਿਗੁਲ ਵਜਾਉਣਗੇ ਅਤੇ ਇਸ ਦੇ ਨਾਲ ਹੀ ਇਸ ਸੀਟ ‘ਤੇ ਹੋਣ ਵਾਲੇ ਤਿਕੋਣੇ ਮੁਕਾਬਲੇ ਦਾ ਕਾਊਂਟਡਾਊਨ ਵੀ ਸ਼ੁਰੂ ਹੋ ਜਾਵੇਗਾ। ਪਾਰਟੀ ਸੂਤਰਾਂ ਦੀ ਮੰਨੀਏ ਤਾਂ ਇਸ ਸੀਟ ‘ਤੇ ਜਿੱਥੇ ‘ਆਪ’ ਲਈ ਵਧੀਆ ਪ੍ਰਦਰਸ਼ਨ ਕਰਨਾ ਇਕ ਵੱਡੀ ਚੁਣੌਤੀ ਹੋਵੇਗਾ, ਉਥੇ ਹੀ ਭਾਜਪਾ ਲਈ ਆਪਣੀ ਇਸ ਸੀਟ ਨੂੰ ਬਚਾਉਣਾ ਵੀ ਵੱਡਾ ਸਵਾਲ ਹੋਵੇਗਾ ਪਰ ਪੰਜਾਬ ‘ਚ ਕਾਂਗਰਸ ਸਰਕਾਰ ਹੋਣ ਕਾਰਨ ਇਹ ਸੀਟ ਕਾਂਗਰਸ ਲਈ ਵੀ ਇੱਜ਼ਤ ਦਾ ਸਵਾਲ ਹੋਵੇਗੀ। ਇਸ ਲਈ ਇੱਥੇ ਤਕੜਾ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲੇਗਾ।

ਉੱਥੇ ਹੀ ‘ਆਪ’ ਗੁਰਦਾਸਪੁਰ ਉਪ ਚੋਣ ਲਈ ਜੋ ਚੋਣ ਯੋਜਨਾਬੰਦੀ ਕਰ ਰਹੀ ਹੈ, ਉਸ ਵਿਚ ਮੁੱਖ ਤੌਰ ‘ਤੇ ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਰਾਜ ‘ਚ ਪੂਰੇ ਨਾ ਹੋਣ ਵਾਲੇ ਵਿਕਾਸ ਕਾਰਜ ਅਤੇ ਨਸ਼ੇ ਦੇ ਮੁੱਦੇ ਨੂੰ ਪਹਿਲ ਦੇ ਆਧਾਰ ‘ਤੇ ਲੋਕਾਂ ਦਰਮਿਆਨ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ ਗੁਰਦਾਸਪੁਰ ਦੀ ਜਨਤਾ ਦੇ ਲੋਕਲ ਮੁੱਦਿਆਂ ਅਤੇ ਸਮੱਸਿਆਵਾਂ ਨੂੰ ਆਧਾਰ ਬਣਾ ਕੇ ਚੋਣ ਜੰਗ ਲੜਨ ਦੀ ਤਿਆਰੀ ‘ਆਪ’ ਨੇ ਕੀਤੀ ਹੈ।

ਉਧਰ ‘ਆਪ’ ਪਾਰਟੀ ਨੇ ਗੁਰਦਾਸਪੁਰ ‘ਚ ਭਾਜਪਾ ਦੇ ਹੀ ਕੁਝ ਨੇਤਾਵਾਂ ਤੇ ਵਰਕਰਾਂ ਨੂੰ ਆਪਣੇ ਨਾਲ ਜੋੜਨ ‘ਚ ਸਫਲਤਾ ਹਾਸਲ ਕੀਤੀ ਹੈ, ਜੋ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਭਾਜਪਾ ਦੀਆਂ ਨੀਤੀਆਂ ਤੋਂ ਬਹੁਤ ਨਾਰਾਜ਼ ਹੋ ਗਏ ਸਨ। ਹੁਣ ਦੇਖਣਾ ਹੋਵੇਗਾ ਕਿ ‘ਆਪ’ ਦੀ ਸਾਰੀ ਯੋਜਨਾਬੰਦੀ ਕੀ ਰੰਗ ਲਿਆਉਂਦੀ ਹੈ ਅਤੇ ਚੋਣਾਂ ਦੇ ਕੀ ਨਤੀਜੇ ਸਾਹਮਣੇ ਆਉਂਦੇ ਹਨ?

About admin

Check Also

ਖੇਤੀਬਾੜੀ ਵਿਕਾਸ ਕੇਂਦਰ ਨੇ ਪੰਜਾਬ ਵਿੱਚ ਪੈਰ ਪਸਾਰਨੇ ਕੀਤੇ ਸ਼ੁਰੂ

ਪ੍ਰਧਾਨ ਮੰਤਰੀ ਦੀ ਕਿਸਾਨ-ਭਲਾਈ ਯੋਜਨਾ ਤਹਿਤ ਹੀ ਖੇਤੀਬਾੜੀ ਵਿਕਾਸ ਕੇਂਦਰ ਨੇ ਪੰਜਾਬ ਵਿੱਚ ਪੈਰ ਪਸਾਰਨੇ ...

Leave a Reply

Your email address will not be published. Required fields are marked *