Breaking News
Home / Entertainment / ਸ੍ਰੀਲੰਕਾ ਨੂੰ ਹਰਾ ਕੇ ਭਾਰਤ ਨੇ ਟੈਸਟ ਲੜੀ ਆਪਣੇ ਨਾਂਅ ਕੀਤੀ

ਸ੍ਰੀਲੰਕਾ ਨੂੰ ਹਰਾ ਕੇ ਭਾਰਤ ਨੇ ਟੈਸਟ ਲੜੀ ਆਪਣੇ ਨਾਂਅ ਕੀਤੀ

ਕੋਲੰਬੋ– ਭਾਰਤ ਅਤੇ ਸ੍ਰੀਲੰਕਾ ਵਿਚਾਲੇ ਚੱਲ ਰਹੀ 3 ਟੈਸਟ ਮੈਚਾਂ ਦੀ ਲੜੀ ‘ਚ ਦੂਜੇ ਟੈਸਟ ਦੇ ਅੱਜ ਚੌਥੇ ਦਿਨ ਭਾਰਤ ਨੇ ਸ੍ਰੀਲੰਕਾ ਨੂੰ ਇਕ ਪਾਰੀ ਤੇ 53 ਦੌੜਾਂ ਨਾਲ ਹਰਾ ਕੇ ਲੜੀ 2-0 ਨਾਲ ਆਪਣੇ ਨਾਂਅ ਕਰ ਲਈ ਹੈ | ਸ੍ਰੀਲੰਕਾ ਨੇ ਫ਼ਾਲੋਆਨ ਖੇਡਦੇ ਹੋਏ 386 ਦੌੜਾਂ ਬਣਾਈਆਂ ਜੋ ਕਿ ਭਾਰਤ ਦੀ ਪਹਿਲੀ ਪਾਰੀ ਦੇ ਸਕੋਰ (622 ਦੌੜਾਂ) ਨੂੰ ਪਾਰ ਕਰਨ ਤੋਂ ਕਾਫ਼ੀ ਘੱਟ ਰਹੀਆਂ | ਸ੍ਰੀਲੰਕਾ ਦੇ ਬੱਲੇਬਾਜ਼ ਕਰੁਨਾਰਤਨੇ (141 ਦੌੜਾਂ) ਦੀ ਪਾਰੀ ਸਦਕਾ ਟੀਮ ਇਕ ਸਮੇਂ 4 ਵਿਕਟਾਂ ‘ਤੇ 310 ਦੌੜਾਂ ਨਾਲ ਚੰਗੀ ਸਥਿਤੀ ‘ਚ ਚੱਲ ਰਹੀ ਸੀ ਪਰ ਭਾਰਤੀ ਗੇਂਦਬਾਜ਼ ਰਵਿੰਦਰ ਜਡੇਜਾ ਦੇ ਪ੍ਰਦਰਸ਼ਨ ਸਦਕਾ ਮੇਜ਼ਬਾਨ ਟੀਮ ਆਪਣੀਆਂ ਆਖ਼ਰੀ 6 ਵਿਕਟਾਂ ‘ਤੇ ਸਿਰਫ਼ 76 ਦੌੜਾਂ ਹੀ ਬਣਾ ਪਾਈ ਅਤੇ ਫ਼ਾਲੋਆਨ ਖੇਡ ਰਹੀ ਸਾਰੀ ਟੀਮ 116.5 ਓਵਰਾਂ ‘ਚ 386 ‘ਤੇ ਸਿਮਟ ਗਈ | ਕਰੁਨਾਰਤਨੇ ਨੇ ਕੁਸ਼ਲ ਮੈਂਡਿਸ (110 ਦੌੜਾਂ) ਨਾਲ ਮਿਲ ਕੇ ਦੂਜੀ ਵਿਕਟ ਲਈ 191 ਦੌੜਾਂ ਦੀ ਸਾਂਝੀਦਾਰੇ ਕੀਤੀ | ਇਸ ਤੋਂ ਇਲਾਵਾ ਮਲਿੰਦਾ ਪੁਸ਼ਪਕੁਮਾਰ ਨੇ 16 ਅਤੇ ਏਾਜੇਲੋ ਮੈਥਿਊਜ਼ ਨੇ 36 ਦੌੜਾਂ ਦਾ ਹਿੱਸਾ ਪਾਇਆ |

ਜਡੇਜਾ ਨੇ ਝਟਕਾਈਆਂ 5 ਵਿਕਟਾਂ

ਚੌਥੇ ਦਿਨ 16 ਦੌੜਾਂ ਦੀ ਪਾਰੀ ‘ਤੇ ਖੇਡ ਰਹੇ ਪੁਸ਼ਪਕੁਮਾਰ ਨੂੰ ਅਸ਼ਵਿਨ ਨੇ ਬੋਲਡ ਕਰਕੇ ਭਾਰਤੀ ਟੀਮ ਨੂੰ ਚੌਥੇ ਦਿਨ ਦੀ ਪਹਿਲੀ ਸਫ਼ਲਤਾ ਦਿਵਾਈ | ਇਸ ਤੋਂ ਅਗਲੇ ਓਵਰ ‘ਚ ਜਡੇਜਾ ਨੇ ਸ੍ਰੀਲੰਕਾ ਦੇ ਕਪਤਾਨ ਦਿਨੇਸ਼ ਚਾਂਡੀਮਲ (2 ਦੌੜਾਂ) ਨੂੰ ਰਹਾਣੇ ਹੱਥ ਕੈਚ ਆਊਟ ਕੀਤਾ | ਲੰਚ ਤੋਂ ਬਾਅਦ ਜਡੇਜਾ ਨੇ ਕਰੁਨਾਰਤਨੇ ਨੂੰ 141 ਦੌੜਾਂ ‘ਤੇ ਫ਼ਿਰ ਰਹਾਣੇ ਹੱਥ ਕੈਚ ਆਊਟ ਕੀਤਾ | ਇਸ ਤੋਂ ਬਾਅਦ ਜਡੇਜਾ ਨੇ 36 ਦੌੜਾਂ ਦੀ ਪਾਰੀ ‘ਤੇ ਖੇਡ ਰਹੇ ਏਾਜੇਲੋ ਮੈਥਿਊਜ਼ ਨੂੰ ਵਿਕਟਕੀਪਰ ਰਿਧੀਮਾਨ ਸਾਹਾ ਦੇ ਹੱਥ ਕੈਚ ਕਰਵਾ ਕੇ ਆਉਟ ਕੀਤਾ | ਜਡੇਜਾ ਨੇ ਇਸ ਤੋਂ ਬਾਅਦ ਦਿਲਰੁਵਾਨ ਪਰੇਰਾ (4) ਅਤੇ ਧੰਨਜੇ ਡਿਸਿਲਵਾ (17) ਨੂੰ ਆਊਟ ਕਰਕੇ ਇਸ ਪਾਰੀ ‘ਚ ਆਪਣੀਆਂ 5 ਵਿਕਟਾਂ ਪੂਰੀਆਂ ਕੀਤੀਆਂ, ਜਦਕਿ ਪਹਿਲੀ ਪਾਰੀ ‘ਚ 2 ਵਿਕਟਾਂ ਝਟਕਾਈਆਂ ਸਨ | ਇਸ ਤੋਂ ਪਹਿਲਾਂ ਜਡੇਜਾ ਨੇ ਭਾਰਤ ਵੱਲੋਂ ਪਹਿਲੀ ਪਾਰੀ ‘ਚ ਬੱਲੇਬਾਜ਼ੀ ਕਰਦੇ ਹੋਏ ਨਾਬਾਦ 70 ਦੌੜਾਂ ਬਣਾਈਆਂ, ਜਿਸ ਸਦਕਾ ਉਸ ਨੂੰ ‘ਪਲੇਅਰ ਆਫ਼ ਦ ਮੈਚ’ ਚੁਣਿਆ ਗਿਆ |

ਰਹਾਣੇ ਨੇ ਪੂਰੇ ਕੀਤੇ 50 ਕੈਚ

ਟੀਮ ਇੰਡੀਆ ਦੇ ਬਿਹਤਰੀਨ ਖਿਡਾਰੀ ਅਜਿੰਕਿਯਾ ਰਹਾਣੇ ਨੇ ਇਸ ਮੈਚ ਵਿਚ ਆਪਣੇ 50 ਟੈਸਟ ਕੈਚ ਪੂਰੇ ਕਰ ਲਏ ਹਨ | ਰਹਾਣੇ ਇਸ ਮੁਕਾਮ ਨੂੰ ਪਾਉਣ ਵਾਲੇ 14ਵੇਂ ਭਾਰਤੀ ਖਿਡਾਰੀ ਹਨ | ਉਸ ਨੇ ਸ੍ਰੀਲੰਕਾ ਿਖ਼ਲਾਫ਼ ਚੱਲ ਰਹੇ ਇਸ ਦੂਜੇ ਟੈਸਟ ਮੈਚ ਵਿਚ ਕੁੱਲ 5 ਕੈਚ ਕੀਤੇ |

ਫ਼ਾਲੋਆਨ ‘ਚ ਸੈਂਕੜਾ ਲਗਾਉਣ ਦੇ ਮਾਮਲੇ ‘ਚ ਦੂਜੇ ਸਥਾਨ ‘ਤੇ ਕਰੁਨਾਰਤਨੇ

ਭਾਰਤ ਵਿਰੁੱਧ ਕਰੁਨਾਰਤਨੇ ਨੇ ਕੈਰੀਅਰ ਦਾ 6ਵਾਂ ਸੈਂਕੜਾ ਲਗਾਇਆ, ਇਸ ਦੇ ਨਾਲ ਹੀ ਉਹ ਫ਼ਾਲੋਆਨ ਖੇਡਦੇ ਹੋਏ ਸਭ ਤੋਂ ਵੱਧ ਸੈਂਕੜੇ ਜਮਾਉਣ ਦੇ ਮਾਮਲੇ ‘ਚ ਸੰਯੁਕਤ ਰੂਪ ਨਾਲ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ | ਫ਼ਾਲੋਆਨ ਖੇਡਦੇ ਹੋਏ ਉਸ ਨੇ ਦੂਜਾ ਸੈਂਕੜਾ ਲਗਾਇਆ, ਜਦ ਕਿ ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਮਾਰਟਿਰ ਕ੍ਰੋਅ ਨੇ ਫ਼ਾਲੋਆਨ ਖੇਡਦੇ ਹੋਏ ਕੁੱਲ 3 ਸੈਂਕੜੇ ਮਾਰੇ ਹਨ | ਇਸ ਦੇ ਨਾਲ ਹੀ ਉਹ ਫ਼ਾਲੋਆਨ ‘ਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਏਸ਼ੀਆ ਦੇ ਪਹਿਲੇ ਸੰਯੁਕਤ ਕ੍ਰਿਕਟਰ ਬਣ ਗਏ ਹਨ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਤੌਰ ਏਸ਼ੀਆਈ ਕ੍ਰਿਕਟਰ ਵੀ. ਵੀ. ਐਸ. ਲਕਸ਼ਮਣ ਅਤੇ ਵਿਜੇ ਹਜ਼ਾਰੇ ਨੇ 2-2 ਸੈਂਕੜੇ ਲਗਾਏ ਸਨ ਅਤੇ ਹੁਣ ਕਰੁਨਾਰਤਨੇ ਨੇ ਉਨ੍ਹਾਂ ਦੀ ਬਰਾਬਰੀ ਕਰ ਲਈ ਹੈ |

ਕੋਲੰਬੋ ਟੈਸਟ ‘ਚ ਅੱਜ ਸ੍ਰੀਲੰਕਾ ਨੂੰ ਹਰਾਉਣ ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਗੇਂਦਬਾਜ਼ ਰਵਿੰਦਰ ਜਡੇਜਾ ਨੂੰ ਨਿਯਮਾਂ ਦਾ ਉਲੰਘਣ ਕਰਨ ‘ਤੇ ਪੱਲੇਕਲ ‘ਚ ਖੇਡੇ ਜਾਣ ਵਾਲੇ ਤੀਜੇ ਟੈਸਟ ਮੈਚ ਲਈ ਮੁਅੱਤਲ ਕਰ ਦਿੱਤਾ ਹੈ | ਇਸ ਤਰ੍ਹਾਂ ਰਵਿੰਦਰ ਜਡੇਜਾ ਤੀਜੇ ਟੈਸਟ ਮੈਚ ਵਿਚ ਟੀਮ ਇੰਡੀਆ ਵੱਲੋਂ ਨਹੀਂ ਖੇਡ ਪਾਉਣਗੇ | ਜਡੇਜਾ ‘ਤੇ ਕੋਲੰਬੋ ‘ਚ ਤੀਜੇ ਦਿਨ ਦੀ ਖੇਡ ਦੌਰਾਨ ਗ਼ਲਤ ਢੰਗ ਨਾਲ ਗੇਂਦ ਕਰਵਾਉਣ ਦਾ ਦੋਸ਼ ਹੈ | ਜਾਣਕਾਰੀ ਮੁਤਾਬਕ ਸ੍ਰੀਲੰਕਾ ਦੀ ਪਾਰੀ ਦੇ 53ਵੇਂ ਓਵਰ ‘ਚ ਜਡੇਜਾ ਨੇ ਕਰੁਨਾਰਤਨੇ ਵੱਲ ਗੇਂਦ ਸੁੱਟੀ ਅਤੇ ਉਸ ਵੱਲੋਂ ਗੇਂਦ ਸੁੱਟਣ ਦੇ ਢੰਗ ਨੂੰ ਖ਼ਤਰਨਾਕ ਮੰਨਿਆ ਗਿਆ ਅਤੇ ਉਸ ਦੇ ਫ਼ੇਅਰਪਲੇ ਪੁਆਇੰਟਾਂ ‘ਚ ਕਟੌਤੀ ਕੀਤੀ ਗਈ | ਆਈ.ਸੀ.ਸੀ. ਦੀ ਕ੍ਰਿਕਟ ਨਿਯਮਾਵਲੀ ਦੇ ਤਹਿਤ ਇਸ ਉਲੰਘਣ ਤੋਂ ਬਾਅਦ ਪਿਛਲੇ 2 ਸਾਲ ਦੌਰਾਨ ਜਡੇਜਾ ਦਾ ਡੀਮੈਰਿਟ ਪੁਇੰਟ 6 ਹੋ ਗਿਆ ਹੈ, ਜਿਸ ਕਾਰਨ ਉਸ ਨੂੰ ਅਗਲੇ ਮੈਚ ਲਈ ਮੁਅੱਤਲ ਕਰ ਦਿੱਤਾ ਗਿਆ |
ਭਾਰਤ ਨੇ ਜਿੱਤੀ ਲਗਾਤਾਰ 8ਵੀਂ ਟੈਸਟ ਲੜੀ

ਸ੍ਰੀਲੰਕਾ ਵਿਰੁੱਧ ਦੂਜਾ ਟੈਸਟ ਜਿੱਤ ਕੇ 3 ਟੈਸਟ ਲੜੀ ਨੂੰ ਆਪਣੇ ਨਾਂਅ ਕਰਦੇ ਹੋਏ ਟੀਮ ਇੰਡੀਆ ਨੇ ਲਗਾਤਾਰ 8ਵੀਂ ਟੈਸਟ ਲੜੀ ਜਿੱਤ ਲਈ ਹੈ | ਸਾਲ 2014-15 ‘ਚ ਆਸਟ੍ਰੇਲੀਆ ਦੀ ਧਰਤੀ ‘ਤੇ 4 ਟੈਸਟ ਮੈਚਾਂ ਦੀ ਲੜੀ ‘ਚ 2-0 ਦੀ ਹਾਰ ਤੋਂ ਬਾਅਦ ਭਾਰਤੀ ਟੀਮ ਨੇ ਕੋਈ ਵੀ ਟੈਸਟ ਲੜੀ ਨਹੀਂ ਗਵਾਈ | ਆਸਟ੍ਰੇਲੀਆ ਵਿਰੁੱਧ ਟੈਸਟ ਲੜੀ ਤੋਂ ਬਾਅਦ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 3-0 ਨਾਲ, ਵੈੱਸਟਇੰਡੀਜ਼ ਨੂੰ 2-0 ਨਾਲ, ਨਿਊਜ਼ੀਲੈਂਡ ਨੂੰ 3-0 ਨਾਲ, ਇੰਗਲੈਂਡ ਨੂੰ 4-0 ਨਾਲ, ਬੰਗਲਾਦੇਸ਼ ਨੂੰ 1-0 ਅਤੇ ਫ਼ਿਰ ਆਸਟ੍ਰੇਲੀਆ ਨੂੰ 2-1 ਨਾਲ ਹਰਾ ਕੇ ਲਗਾਤਾਰ 7 ਟੈਸਟ ਲੜੀਆਂ ਆਪਣੇ ਨਾਂਅ ਦਰਜ ਕੀਤੀਆਂ ਅਤੇ ਵਿਸ਼ਵ ਦੀ ਨੰਬਰ ਇਕ ਟੈਸਟ ਟੀਮ ਬਣ ਗਈ |

About admin

Check Also

1200px-Jhelum_River_Bridge

ਹੁਣ ਪਾਕਿਸਤਾਨ ਨਹੀਂ ਜਾਵੇਗਾ ਸਤਲੁਜ-ਬਿਆਸ ਦਾ ਪਾਣੀ

ਸਤਲੁਜ-ਬਿਆਸ ਦਰਿਆਵਾਂ ਦਾ ਪਾਣੀ ਹੁਣ ਪਾਕਿਸਤਾਨ ਨਹੀਂ ਜਾ ਸਕੇਗਾ।ਇਨ੍ਹਾਂ ਦਾ ਪਾਣੀ ਪਾਕਿਸਤਾਨ ਜਾਣ ਤੋਂ ਰੋਕਣ ...

Leave a Reply

Your email address will not be published. Required fields are marked *