Home / Business / ਕੇਂਦਰ ਵਲੋਂ ਲਗਜ਼ਰੀ ਕਾਰਾਂ ‘ਤੇ ਜੀ. ਐਸ. ਟੀ. ਸੈੱਸ ਵਧਾਉਣ ਦੇ ਆਰਡੀਨੈਂਸ ਨੂੰ ਮਨਜ਼ੂਰੀ

ਕੇਂਦਰ ਵਲੋਂ ਲਗਜ਼ਰੀ ਕਾਰਾਂ ‘ਤੇ ਜੀ. ਐਸ. ਟੀ. ਸੈੱਸ ਵਧਾਉਣ ਦੇ ਆਰਡੀਨੈਂਸ ਨੂੰ ਮਨਜ਼ੂਰੀ

3 ਲੱਖ ਤੱਕ ਵਧਣਗੀਆਂ ਕੀਮਤਾਂ

ਉਪਮਾ ਡਾਗਾ ਪਾਰਥ

ਨਵੀਂ ਦਿੱਲੀ  -ਕਾਰਾਂ ਖਰੀਦਣ ਲਈ ਤਿਉਹਾਰਾਂ ਦੀ ਆਮਦ ਅਤੇ ਛੋਟਾਂ ਦਾ ਇੰਤਜ਼ਾਰ ਕਰਨ ਵਾਲੇ ਗਾਹਕਾਂ ਨੂੰ ਹੁਣ ਨਿਰਾਸ਼ਾ ਦਾ ਸਾਹਮਣਾ ਕਰਨਾ ਪਵੇਗਾ | ਕੇਂਦਰੀ ਮੰਤਰੀ ਮੰਡਲ ਨੇ ਵਸਤਾਂ ਅਤੇ ਸੇਵਾਵਾਂ ਬਾਰੇ ਟੈਕਸ ਭਾਵ ਜੀ. ਐਸ. ਟੀ. ਤਹਿਤ ਲਗਜ਼ਰੀ ਐਸ. ਯੂ. ਵੀ. ਕਾਰਾਂ ‘ਤੇ ਲੱਗਣ ਵਾਲੇ ਸੈੱਸ ਨੂੰ 15 ਫੀਸਦੀ ਤੋਂ ਵਧਾ ਕੇ 25 ਫੀਸਦੀ ਕਰਨ ਵਾਲੇ ਆਰਡੀਨੈਂਸ ਨੂੰ ਮਨਜ਼ੂਰੀ ਦੇ ਦਿੱਤੀ ਹੈ | ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਸਰਕਾਰ ਦੇ ਇਸ ਫੈਸਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਕੁਝ ਰਾਜਾਂ ਨੂੰ ਜੀ. ਐਸ. ਟੀ. ਲਾਗੂ ਹੋਣ ਤੋਂ ਬਾਅਦ ਮਾਲੀਏ ‘ਚ ਹੋਣ ਵਾਲੇ ਘਾਟੇ ਕਾਰਨ ਇਹ ਫੈਸਲਾ ਲਿਆ ਗਿਆ | ਜੀ. ਐਸ. ਟੀ. ਤਹਿਤ ਕਰ ਦਰ ਘੱਟ ਹੋਣ ਕਾਰਨ ਆਟੋ ਕੰਪਨੀਆਂ ਨੇ ਜ਼ਿਆਦਾਤਰ ਵੱਡੀਆਂ ਕਾਰਾਂ ਦੀਆਂ ਕੀਮਤਾਂ ‘ਚ 1 ਤੋਂ 3 ਲੱਖ ਰੁਪਏ ਦੀ ਕਟੌਤੀ ਕੀਤੀ ਸੀ | ਅੱਜ ਮੰਤਰੀ ਮੰਡਲ ਵੱਲੋਂ ਲਏ ਫੈਸਲੇ ਤੋਂ ਬਾਅਦ ਇਸ ਸਬੰਧ ‘ਚ 9 ਸਤੰਬਰ ਨੂੰ ਜੀ. ਐਸ. ਟੀ. ਪ੍ਰੀਸ਼ਦ ਦੀ ਬੈਠਕ ‘ਚ ਇਹ ਪ੍ਰਸਤਾਵ ਰੱਖਿਆ ਜਾਵੇਗਾ, ਜਿਸ ਤੋਂ ਬਾਅਦ ਖਜ਼ਾਨਾ ਮੰਤਰਾਲੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ | ਮੌਜੂਦਾ ਪ੍ਰਣਾਲੀ ਤਹਿਤ 28 ਫੀਸਦੀ ਜੀ. ਐਸ. ਟੀ. ਦੇ ਨਾਲ 15 ਫੀਸਦੀ ਦਾ ਸੈੱਸ ਲਾਇਆ ਜਾਂਦਾ ਸੀ, ਜਿਸ ਕਾਰਨ ਲਗਜ਼ਰੀ ਕਾਰਾਂ ‘ਤੇ ਤਕਰੀਬਨ 43 ਫੀਸਦੀ ਟੈਕਸ ਲੱਗ ਰਿਹਾ ਸੀ | ਸੈੱਸ ਵਧਣ ਤੋਂ ਬਾਅਦ ਇਹ ਟੈਕਸ ਵਧ ਕੇ 52 ਤੋਂ 53 ਫੀਸਦੀ ਤੱਕ ਹੋ ਜਾਵੇਗਾ ਅਤੇ ਕਾਰਾਂ ਦੀ ਕੀਮਤ ‘ਚ1 ਲੱਖ ਤੋਂ 3 ਲੱਖ ਰੁਪਏ ਤੱਕ ਦਾ ਵਾਧਾ ਹੋ ਜਾਵੇਗਾ | ਸਰਕਾਰ ਦੇ ਇਸ ਫੈਸਲੇ ਨਾਲ ਕਾਰਾਂ ਦੀ ਮੰਗ ‘ਤੇ ਅਸਰ ਪਵੇਗਾ |

ਭਾਰਤ ਇਸਰਾਈਲ ਤਕਨੀਕੀ ਫੰਡ ਨੂੰ ਮਿਲੀ ਪ੍ਰਵਾਨਗੀ

ਮੰਤਰੀ ਮੰਡਲ ਨੇ ਇਕ ਹੋਰ ਅਹਿਮ ਫੈਸਲੇ ‘ਚ ਭਾਰਤ ਅਤੇ ਇਸਰਾਈਲ ਦਰਮਿਆਨ ਉਦਯੋਗਿਕ ਖੋਜ ਅਤੇ ਤਕਨੀਕੀ ਪਹਿਲਕਦਮੀ ਲਈ 400 ਕਰੋੜ ਅਮਰੀਕੀ ਡਾਲਰ ਦੇ ਫੰਡ ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ | ਭਾਰਤ ਅਤੇ ਇਸਰਾਈਲ ਦੋਵੇਂ 5 ਸਾਲਾਂ ਲਈ ਤਕਰੀਬਨ 25 ਕਰੋੜ ਰੁਪਏ ਸਾਲਾਨਾ ਦਾ ਯੋਗਦਾਨ ਦੇਣਗੇ, ਜਿਸ ਰਾਹੀਂ ਵਿਗਿਆਨ ਅਤੇ ਤਕਨੀਕ ਦੇ ਖੇਤਰ ‘ਚ ਸਹਿਯੋਗ ਕੀਤਾ ਜਾਵੇਗਾ |

ਦੀਵਾਲੀ ਥੀਮ ‘ਤੇ ਭਾਰਤ-ਕੈਨੇਡਾ ਜਾਰੀ ਕਰਨਗੇ ਸਾਂਝੀ ਡਾਕ ਟਿਕਟ

ਮੰਤਰੀ ਮੰਡਲ ਨੇ ਦੀਵਾਲੀ ਦੇ ਥੀਮ ‘ਤੇ ਭਾਰਤ ਅਤੇ ਕੈਨੇਡਾ ਵੱਲੋਂ ਸਾਂਝੇ ਤੌਰ ‘ਤੇ ਯਾਦਗਾਰੀ ਡਾਕ ਟਿਕਟਾਂ ਜਾਰੀ ਕਰਨ ਦੇ ਮਤੇ ਨੂੰ ਵੀ ਮਨਜ਼ੂਰੀ ਦੇ ਦਿੱਤੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ‘ਚ ਭੂਚਾਲ ਪ੍ਰਭਾਵਿਤ ਮਿਆਂਮਾਰ ਦੇ ਇਲਾਕੇ ਬਾਗਾਨ ਦੀ ਸੰਭਾਲ ਲਈ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਸ ਸਮਝੌਤੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 6-7 ਸਤੰਬਰ ਨੂੰ ਹੋਣ ਵਾਲੇ ਦੌਰੇ ਦੌਰਾਨ ਦਸਤਖ਼ਤ ਕੀਤੇ ਜਾਣਗੇ |

ਓ. ਬੀ. ਸੀ. ਕ੍ਰੀਮੀ ਲੇਅਰ ਦੇ ਦਾਇਰੇ ‘ਚ ਜਨਤਕ ਖੇਤਰ ਦੇ ਉਦਮ ਤੇ ਵਿੱਤੀ ਸੰਸਥਾਵਾਂ ਵੀ

ਸਰਕਾਰ ਨੇ ਕੌਮੀ ਪੱਧਰ ‘ਤੇ ਹੋਰ ਪਛੜਾ ਵਰਗ (ਓ. ਬੀ. ਸੀ.) ਲਈ ਕ੍ਰੀਮੀ ਲੇਅਰ ਦੀ ਹੱਦ ਦਾ ਦਾਇਰਾ ਜਨਤਕ ਖੇਤਰ ਦੇ ਉਦਮਾਂ, ਬੀਮਾ ਕੰਪਨੀਆਂ ਅਤੇ ਬੈਂਕਾਂ ਤੱਕ ਵਧਾਉਣ ਦਾ ਫ਼ੈਸਲਾ ਲਿਆ ਹੈ | ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਮੰਤਰੀ ਮੰਡਲ ਨੇ ਇਸ ਮਕਸਦ ਲਈ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ | ਓ. ਬੀ. ਸੀ. ਕ੍ਰੀਮੀ ਲੇਅਰ ਦੇ ਲਈ 8 ਲੱਖ ਰੁਪਏ ਸਾਲਾਨਾ ਦੀ ਆਮਦਨ ਹੱਦ ਹੁਣ ਸਰਕਾਰੀ ਕੰਪਨੀਆਂ ਅਤੇ ਵਿੱਤੀ ਸੰਸਥਾਵਾਂ ‘ਤੇ ਵੀ ਲਾਗੂ ਹੋਵੇਗੀ |

About admin

Check Also

ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਤੋਂ ਬਾਅਦ ਪਠਾਨਕੋਟ 'ਚ ਪੁਲਿਸ ਚੌਕਸ

ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਤੋਂ ਬਾਅਦ ਪਠਾਨਕੋਟ ‘ਚ ਪੁਲਿਸ ਚੌਕਸ

ਅੱਤਵਾਦੀਆਂ ਵਲੋਂ ਪਠਾਨਕੋਟ ਏਅਰਬੇਸ ਕੀਤੇ ਗਏ ਹਮਲੇ ਤੋਂ ਬਾਅਦ ਰੋਜ਼ਾਨਾ ਕਿਸੇ ਨਾ ਕਿਸੇ ਰੇਲਵੇ ਸਟੇਸ਼ਨ ...

Leave a Reply

Your email address will not be published. Required fields are marked *

My Chatbot
Powered by Replace Me