Breaking News
Home / Featured / ਸ਼ਰਧਾ ਸਹਿਤ ਮਨਾਇਆ ਚੌਥੀ ਪਾਤਸ਼ਾਹੀ ਦਾ ਪ੍ਕਾਸ਼ ਪੁਰਬ

ਸ਼ਰਧਾ ਸਹਿਤ ਮਨਾਇਆ ਚੌਥੀ ਪਾਤਸ਼ਾਹੀ ਦਾ ਪ੍ਕਾਸ਼ ਪੁਰਬ

ਅੰਮ੍ਰਿਤਸਰ– ਸ੍ਰੀ ਗੁਰੂ ਰਾਮਦਾਸ ਜੀ ਦਾ ਪਾਵਨ ਪ੍ਰਕਾਸ਼ ਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅਥਾਹ ਸ਼ਰਧਾ ਤੇ ਉਤਸ਼ਾਹ ਸਹਿਤ ਮਨਾਇਆ ਗਿਆ। ਅੱਜ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਦੇਸ਼-ਵਿਦੇਸ਼ ਤੋਂ ਪੁੱਜੇ ਲੱਖਾਂ ਸ਼ਰਧਾਲੂਆਂ ਨੇ ਅੰਮ੍ਰਿਤ ਸਰੋਵਰ ‘ਚ ਇਸ਼ਨਾਨ ਕਰਕੇ ਗੁਰੂ ਦਰ ‘ਤੇ ਮੱਥਾ ਟੇਕਿਆ ਤੇ ਇਲਾਹੀ ਬਾਣੀ ਦਾ ਮਨੋਹਰ ਸ਼ਬਦ ਕੀਰਤਨ ਸਰਵਨ ਕੀਤਾ। ਜ਼ਿਕਰਯੋਗ ਹੈ ਕਿ ਇਸ ਵਾਰ ਇਸ ਦਿਹਾੜੇ ਨੂੰ ਵੱਡੇ ਪੱਧਰ ‘ਤੇ ਮਨਾਉਣ ਲਈ ਸ਼ੋਮ੍ਰਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ‘ਚ ਸਕੱਤਰ ਡਾ: ਰੂਪ ਸਿੰਘ ਵਲੋਂ ਕਈ ਹਫ਼ਤਿਆਂ ਤੋਂ ਤਿਆਰੀਆਂ ਆਰੰਭ ਕੀਤੀਆਂ ਹੋਈਆਂ ਸਨ, ਜਿਸ ਤੋਂ ਉਤਸ਼ਾਹਿਤ ਹੋ ਕੇ ਜਿਥੇ ਸਥਾਨਕ ਸ਼ਹਿਰ ਵਾਸੀਆਂ ਨੇ ਪਹਿਲੀ ਵਾਰ ਵੱਡੀ ਗਿਣਤੀ ‘ਚ ਗੁਰਪੁਰਬ ਸਮਾਗਮਾਂ ‘ਚ ਸ਼ਮੂਲੀਅਤ ਕੀਤੀ, ਉਥੇ ਦੇਸ਼ ਦੇ ਹੋਰਨਾਂ ਭਾਗਾਂ ਤੇ ਵਿਦੇਸ਼ਾ ਤੋਂ ਅਮਰੀਕਾ, ਇੰਗਲੈਂਡ ਤੇ ਆਸਟ੍ਰੇਲੀਆ ਸਮੇਤ ਹੋਰਨਾਂ ਕਈ ਮੁਲਕਾਂ ਤੋਂ ਵੀ ਹਜ਼ਾਰਾਂ ਸ਼ਰਧਾਲੂ ਪੁੱਜੇ ਹੋਏ ਸਨ। ਗੁ: ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਸਾਰਾ ਦਿਨ ਧਾਰਮਿਕ ਦੀਵਾਨ ਸਜਾਏ ਗਏ, ਜਿਸ ਦੌਰਾਨ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਸਮੇਤ ਹੋਰ ਵਿਦਵਾਨਾਂ, ਰਾਗੀ ਢਾਡੀ ਤੇ ਕਵੀਸ਼ਰੀ ਜਥਿਆਂ ਨੇ ਗੁਰਇਤਹਾਸ ਤੇ ਸ਼ਬਦ ਕੀਰਤਨ ਸਰਵਨ ਕਰਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ‘ਅਜੀਤ ਵੈੱਬ ਟੀ.ਵੀ.’ ਵਲੋਂ ਵੀ ਸ੍ਰੀ ਹਰਮਿੰਦਰ ਸਾਹਿਬ ਤੋਂ ਗੁਰਪੁਰਬ ਸਮਾਗਮਾਂ, ਦੀਪਮਾਲਾ ਅਤੇ ਆਤਿਸ਼ਬਾਜ਼ੀ ਦਾ ਸਿੱਧਾ ਪ੍ਰਸਾਰਨ ਕੀਤਾ ਗਿਆ, ਜਿਸ ਦਾ ਦੇਸ਼ ਵਿਦੇਸ਼ ਤੋਂ ਲੱਖਾਂ ਸੰਗਤਾਂ ਤੇ ਪਾਠਕਾਂ ਨੇ ਸ਼ਰਧਾ ਸਹਿਤ ਅਨੰਦ ਮਾਣਿਆਂ।

ਸੁੰਦਰ ਜਲੌਅ, ਦੀਪਮਾਲਾ ਤੇ ਆਤਿਸ਼ਬਾਜ਼ੀ

ਆਗਮਨ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਸਵੇਰੇ 8.30 ਤੋਂ ਦੁਪਹਿਰ 12 ਵਜੇ ਤੱਕ ਸਜਾਏ ਗਏ ਸੁੰਦਰ ਜਲੌਅ ਤੇ ਮੁੰਬਈ ਦੀ ਸੰਗਤ ਵਲੋਂ 8 ਟਨ ਦੇਸ਼ੀ ਵਿਦੇਸ਼ੀ ਮਹਿਕਦੇ ਫੁੱਲਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੀ ਕੀਤੀ ਨਿਵੇਕਲੀ ਸਜਾਵਟ ਜਿੱਥੇ ਸੰਗਤਾਂ ਦੀ ਖਿੱਚ ਦਾ ਕੇਂਦਰ ਰਹੇ, ਉਥੇ ਰਾਤ ਸਮੇਂ ਆਧੁਨਿਕ ਐਲ.ਈ.ਡੀ. ਰੰਗ ਬਿਰੰਗੀਆਂ ਰੌਸ਼ਨੀਆਂ ਆਧਾਰਤ ਨਿਵੇਕਲੀ ਤੇ ਰਵਾਇਤੀ ਦੀਪਮਾਲਾ ਤੇ ਪ੍ਰਦੂਸ਼ਣ ਰਹਿਤ ਆਤਿਸ਼ਬਾਜ਼ੀ ਦਾ ਵੀ ਲੱਖਾਂ ਸ਼ਰਧਾਲੂਆਂ ਨੇ ਆਨੰਦ ਮਾਣਿਆ। ਜਲੌਅ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਘਰ ਦੇ ਤੋਸ਼ਾਖਾਨੇ ‘ਚ ਰੱਖੀਆਂ ਇਤਿਹਾਸਕ, ਧਾਰਮਿਕ ਅਤੇ ਕੀਮਤੀ ਵਸਤਾਂ, ਜਿਨ੍ਹਾਂ ‘ਚ ਇਸ ਪਾਵਨ ਅਸਥਾਨ ਦੇ ਸੋਨੇ ਦੇ ਚਾਰ ਦਰਵਾਜ਼ੇ, ਸੋਨੇ ਦੀਆਂ ਕਹੀਆਂ ਤੇ ਚਾਂਦੀ ਦੇ ਬਾਟੇ, ਮਹਾਰਾਜਾ ਰਣਜੀਤ ਸਿੰਘ ਵਲੋਂ ਕੀਮਤੀ ਲਾਲਾਂ, ਹੀਰੇ ਮੋਤੀਆਂ ਤੇ ਜਵਾਹਰਾਤਾਂ ਨਾਲ ਤਿਆਰ ਕਰਵਾਇਆ ਗਿਆ ਜੜਾਊ ਸਿਹਰਾ, ਨੀਲਮ ਦੀ ਗਰਦਨ ਤੇ ਅਤੇ ਚੁੰਝ ‘ਚ ਸੁੱਚੇ ਮੋਤੀਆਂ ਦੀ ਨਿੱਕੀ ਜਿਹੀ ਮਾਲਾ ਫੜੀ ਬੈਠੇ ਮੋਰ ਵਾਲਾ ਹੀਰੇ, ਪੰਨਿਆਂ ਤੇ ਲਾਲਾਂ ਨਾਲ ਜੜ੍ਹਿਆ ਤੇ 10 ਸੇਰ ਸੋਨੇ ਦਾ ਬਣਿਆ ਜੜਾਊ ਛਤਰ, 108 ਸੁੱਚੇ ਮੋਤੀਆਂ ਦੀ ਮਾਲਾ ਤੇ ਮਹਾਰਾਜਾ ਰਣਜੀਤ ਸਿੰਘ ਦੀ ਸੋਨੇ ਦੇ ਦਸਤੇ ਵਾਲੀ ਹੀਰੇ ਮੋਤੀਆਂ ਜੜ੍ਹੀ ਸ੍ਰੀ ਸਾਹਿਬ ਅਤੇ ਹੋਰ ਵਸਤੂਆਂ ਸ਼ਾਮਿਲ ਸਨ, ਦੇ ਮੱਥਾ ਟੇਕਣ ਆਏ ਲੱਖਾਂ ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਸ੍ਰੀ ਹਰਿਮੰਦਰ ਸਾਹਿਬ ਵਿਖੇ ਪੱਕੇ ਤੌਰ ‘ਤੇੇ ਲਗਾਈ ਗਈ ਆਧੁਨਿਕ ਐਲ.ਈ.ਡੀ. ਤਕਨੀਕ ਵਾਲੀ ਅਲੌਕਿਕ ਦੀਪਮਾਲਾ ਤੇ ਮਹਾਰਾਸ਼ਟਰ ਦੇ ਅਹਿਮਦ ਨਗਰ ਤੋਂ ਆਏ ਵਿਸ਼ੇਸ਼ ਆਤਿਸ਼ਬਾਜ਼ਾਂ ਵਲੋਂ ਚਲਾਈ ਗਈ ਡਿਜ਼ੀਟਲ ਤੇ ਪ੍ਰਦੂਸ਼ਣ ਰਹਿਤ ਆਤਿਸ਼ਬਾਜ਼ੀ ਦਾ ਦਿਲਕਸ਼ ਨਜ਼ਾਰਾ ਦੇਖ ਕੇ ਸੰਗਤਾਂ ਅੱਸ਼-ਅੱਸ਼ ਕਰ ਉਠੀਆਂ। ਪ੍ਰਕਾਸ਼ ਪੁਰਬ ਮੌਕੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਵਿਸ਼ੇਸ਼ ਪਕਵਾਨ ਤਿਆਰ ਕੀਤੇ ਗਏ। ਪਹਿਲੀ ਵਾਰ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ, ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਵਿਖੇ ਵੀ ਸੁੰਦਰ ਦੀਪਮਾਲਾ ਕੀਤੀ ਗਈ। ਗੁਰੂ ਨਗਰੀ ‘ਚ ਵੱਸਦੇ ਹਰ ਧਰਮ ਦੇ ਵਸਨੀਕਾਂ ਨੇ ਆਪਣੇ ਘਰਾਂ, ਦੁਕਾਨਾਂ, ਦਫ਼ਤਰਾਂ, ਕਾਰੋਬਾਰੀ ਅਦਾਰਿਆਂ ਤੇ ਬਾਜ਼ਾਰਾਂ ‘ਚ ਸੁੰਦਰ ਦੀਪਮਾਲਾ ਕੀਤੀ।

About admin

Check Also

ਜੁਲਾਈ ਦੇ ਇਹਨਾਂ ਦਿਨਾਂ ਦੌਰਾਨ ਬੰਦ ਰਹੇਗਾ ‘ ਵਿਰਾਸਤ ਏ ਖਾਲਸਾ ’

  ਆਨੰਦਪੁਰ ਸਾਹਿਬ, ਇਥੇ ਸਥਿਤ ਵਿਰਾਸਤ ਏ ਖਾਲਸਾ ਛਿਮਾਹੀ ਰੱਖ-ਰਖਾਵ ਅਧੀਨ  23 ਜੁਲਾਈ ਤੋਂ 31 ...

Leave a Reply

Your email address will not be published. Required fields are marked *

My Chatbot
Powered by Replace Me