Breaking News
Home / Breaking News / ਭਾਰਤੀ ਸੰਸਕਿ੍ਤੀ ਨੂੰ ਬਚਾਉਣ ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵੱਡਾ ਯੋਗਦਾਨ-ਰਾਜਨਾਥ ਸਿੰਘ

ਭਾਰਤੀ ਸੰਸਕਿ੍ਤੀ ਨੂੰ ਬਚਾਉਣ ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵੱਡਾ ਯੋਗਦਾਨ-ਰਾਜਨਾਥ ਸਿੰਘ

ਦਿੱਲੀ ‘ਚ ਰਾਸ਼ਟਰੀ ਸਿੱਖ ਸੰਗਤ ਵਲੋਂ 350 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਮਾਗਮ 

 
ਰਾਸ਼ਟਰੀ ਸਿੱਖ ਸੰਗਤ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮ ‘ਚ ਸ਼ਮੂਲੀਅਤ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਸੰਸਕਿ੍ਤੀ ਨੂੰ ਬਚਾਉਣ ਤੇ ਏਕਤਾ ਕਾਇਮ ਰੱਖਣ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਵੱਡਾ ਯੋਗਦਾਨ ਹੈ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਰਾਜਨਾਥ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਯੋਗਦਾਨ ਅਤੇ ਸਿੱਖ ਪੰਥ ਦੀ ਅਹਿਮੀਅਤ ਨੂੰ ਦੇਸ਼ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਉਪਦੇਸ਼ਾਂ ‘ਤੇ ਪਹਿਰਾ ਦੇਣ ਦਾ ਪ੍ਰਣ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਮੈਂ ਸਿੱਖਾਂ ਨੂੰ ਵੱਡਾ ਭਰਾ ਮੰਨਦਾ ਹਾਂ | 1984 ਸਿੱਖ ਕਤਲੇਆਮ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਬਹੁਤ ਹੀ ਅਫ਼ਸੋਸ ਹੈ ਕਿ ਹਾਲੇ ਤੱਕ ਇਨਸਾਫ਼ ਨਹੀਂ ਮਿਲ ਸਕਿਆ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਬਣਨ ਉਪਰੰਤ ਛੇਤੀ ਇਨਸਾਫ਼ ਦਿਵਾਉਣ ਲਈ ਐਸ.ਆਈ.ਟੀ. ਗਠਿਤ ਕੀਤੀ ਗਈ ਸੀ ਜੋ ਆਪਣਾ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਕਾਲੀ ਸੂਚੀ ਖ਼ਤਮ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ 100 ਤੋਂ ਜ਼ਿਆਦਾ ਸਿੱਖਾਂ ਦੇ ਨਾਂਅ ਕਾਲੀ ਸੂਚੀ ਤੋਂ ਬਾਹਰ ਕੱਢੇ ਜਾ ਚੁੱਕੇ ਹਨ | ਤਾਲ ਕਟੋਰਾ ਸਟੇਡੀਅਮ ਵਿਖੇ ਕਰਵਾਏ ਗਏ ਇਸ ਪ੍ਰੋਗਰਾਮ ‘ਚ ਰਾਸ਼ਟਰੀ ਸਵੈਮ ਸੰਘ (ਆਰ. ਐਸ. ਐਸ.) ਦੇ ਮੁਖੀ ਮੋਹਨ ਭਾਗਵਤ, ਨਾਮਧਾਰੀ ਆਗੂ ਠਾਕੁਰ ਦਲੀਪ ਸਿੰਘ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਸੁਬਰਾਮਣੀਅਮ ਸਵਾਮੀ, ਵਿਜੈ ਸਾਂਪਲਾ, ਗੁਰਚਰਨ ਸਿੰਘ ਗਿੱਲ ਸਮੇਤ ਵੱਖ-ਵੱਖ ਸੂਬਿਆਂ ਤੋਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ | ਜਦ ਕਿ ਤਮਾਮ ਸਿੱਖ ਜਥੇਬੰਦੀਆਂ ਵਲੋਂ ਇਸ ਪ੍ਰੋਗਰਾਮ ਦਾ ਵਿਰੋਧ ਕੀਤੇ ਜਾਣ ਕਾਰਨ ਭਾਜਪਾ ਸਿੱਖ ਸੈੱਲ ਤੇ ਰਾਸ਼ਟਰੀ ਸਿੱਖ ਸੰਗਤ ਨਾਲ ਜੁੜੇ ਲੋਕਾਂ ਨੂੰ ਛੱਡ ਕੇ ਦਿੱਲੀ ਦੇ ਸਥਾਨਕ ਸਿੱਖਾਂ ਨੇ ਇਸ ਪ੍ਰੋਗਰਾਮ ‘ਚ ਹਿੱਸਾ ਲੈਣ ਤੋਂ ਪਾਸਾ ਵੱਟੀ ਰੱਖਿਆ, ਇਥੋਂ ਤੱਕ ਕਿ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਵੀ ਸ਼ਮੂਲੀਅਤ ਨਹੀਂ ਕੀਤੀ ਜਦਕਿ ਉਨ੍ਹਾਂ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਨੀ ਸੀ |

ਇਕੱਠ ਦੇ ਨਜ਼ਰੀਏ ਨਾਲ ਇਸ ਪ੍ਰੋਗਰਾਮ ‘ਚ 50 ਫ਼ੀਸਦੀ ਤੋਂ ਜ਼ਿਆਦਾ ਨਾਮਧਾਰੀ ਸੰਗਤਾਂ ਸਨ ਜੋ ਕਿ ਠਾਕੁਰ ਦਲੀਪ ਸਿੰਘ ਨਾਲ ਆਈਆਂ ਸਨ | ਇਸ ਤੋਂ ਇਲਾਵਾ ਇਸ ਪ੍ਰੋਗਰਾਮ ‘ਚ ਇਕੱਠ ਕਰਨ ਲਈ ਰਾਜਸਥਾਨ, ਪੰਜਾਬ, ਹਰਿਆਣਾ ਤੇ ਯੂ.ਪੀ. ਤੋਂ ਵੀ ਬੱਸਾਂ ਰਾਹੀਂ ਲੋਕਾਂ ਨੂੰ ਲਿਆਉਣ ਦਾ ਪ੍ਰਬੰਧ ਕੀਤਾ ਗਿਆ ਸੀ | ਰਾਸ਼ਟਰੀ ਸਵੈਮ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਅਜਿਹਾ ਪ੍ਰੋਗਰਾਮ ਉਲੀਕਣ ਲਈ ਰਾਸ਼ਟਰੀ ਸਿੱਖ ਸੰਗਤ ਦੀ ਸ਼ਲਾਘਾ ਕੀਤੀ ਅਤੇ ਅਜਿਹੇ ਉਪਰਾਲੇ ਅਗਾਂਹ ਵੀ ਲਗਾਤਾਰ ਜਾਰੀ ਰੱਖਣ ਦੀ ਅਪੀਲ ਕੀਤੀ | ਭਾਗਵਤ ਨੇ ਕਿਹਾ ਕਿ ਬੇਸ਼ੱਕ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਤੇ ਉਪਦੇਸ਼ਾਂ ਤੋਂ ਜ਼ਿਆਦਾ ਲੋਕ ਨਾ ਜਾਣੂ ਹੋਣ ਪਰ ਦੇਸ਼ ਦਾ ਬੱਚਾ-ਬੱਚਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ਤੋਂ ਜ਼ਰੂਰ ਜਾਣੂ ਹੈ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਆਪਣੀ ਸੰਸਕਿ੍ਤੀ ਦੀ ਰੱਖਿਆ ਤੇ ਮਨੁੱਖਤਾ ਦੀ ਭਲਾਈ ਲਈ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ | ਮੋਹਨ ਭਾਗਵਤ ਨੇ ਕਿਹਾ ਕਿ ਜੇਕਰ ਅਸੀਂ ਭਾਰਤ ਦਾ ਪੁਰਾਣਾ ਗੌਰਵ ਹਾਸਲ ਕਰਨਾ ਚਾਹੁੰਦੇ ਹਾਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ‘ਤੇ ਹਰ ਹਾਲਤ ‘ਚ ਡਟ ਕੇ ਪਹਿਰਾ ਦੇਣ ਲਈ ਤਿਆਰ ਰਹਿਣਾ ਪਵੇਗਾ | ਨਾਮਧਾਰੀ ਆਗੂ ਠਾਕੁਰ ਦਲੀਪ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਵਿੱਦਿਆ ਦੇ ਦਾਤੇ ਵੀ ਸਨ | ਉਨ੍ਹਾਂ ਹੋਰਨਾਂ ਕੰਮਾਂ ਦੇ ਨਾਲ ਵਿੱਦਿਆ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਸੀ | ਇਸ ਤੋਂ ਇਲਾਵਾ ਰਾਸ਼ਟਰੀ ਸਿੱਖ ਸੰਗਤ ਦੇ ਗੁਰਚਰਨ ਸਿੰਘ ਗਿੱਲ ਤੇ ਹੋਰਨਾਂ ਨੇ ਵੀ ਵਿਚਾਰ ਰੱਖੇ | ਸਟੇਜ ਸਕੱਤਰ ਦੀ ਭੂਮਿਕਾ ਡਾ. ਅਵਤਾਰ ਸਿੰਘ ਸ਼ਾਸਤਰੀ ਨੇ ਨਿਭਾਈ |

About admin

Check Also

ਅਮਿਤਾਭ ਤੇ ਰਿਸ਼ੀ ਕਪੂਰ ਪਿਓ-ਪੁੱਤਰ ਦੇ ਕਿਰਦਾਰ ‘ਚ ਆਉਣਗੇ ਨਜ਼ਰ

ਬਾਲੀਵੁੱਡ ਦੇ ਦੋ ਸੀਨੀਅਰ ਐਕਟਰ ਅਮਿਤਾਭ ਬੱਚਨ ਤੇ ਰਿਸ਼ੀ ਕਪੂਰ 27 ਸਾਲ ਬਾਅਦ ਇਕੱਠੇ ਸਕ੍ਰੀਨ ...

Leave a Reply

Your email address will not be published. Required fields are marked *