Breaking News
Home / national / ਮਰਨ ਦੇ 30 ਸਾਲ ਬਾਅਦ ਵੀ ਚਮਕੀਲਾ ਹੈ ਅਮਰ

ਮਰਨ ਦੇ 30 ਸਾਲ ਬਾਅਦ ਵੀ ਚਮਕੀਲਾ ਹੈ ਅਮਰ

 

ਬਿਊਰੋ: ਅਮਰ ਸਿੰਘ ਚਮਕੀਲੇ ਦਾ ਜਨਮ ਬੇਹੱਦ ਗ਼ਰੀਬੀ ਵਿੱਚ ਰਮਦਾਸੀਆ ਬਰਾਦਰੀ ‘ਚ ਪਿੰਡ ਦੁਗਰੀ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ. ਹਰੀ ਸਿੰਘ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਮਿਤੀ 21 ਜੁਲਾਈ 1961 ਨੂੰ ਹੋਇਆ। ਭੈਣ-ਭਰਾਵਾਂ ਚੋਂ ਸਭ ਤੋਂ ਛੋਟੇ ਤੇ ਲਾਡਲੇ ਪੁੱਤਰ ਦਾ ਨਾਂ ਮਾਪਿਆਂ ਨੇ ਧਨੀ ਰਾਮ ਰੱਖਿਆ। ਮਾਪਿਆਂ ਨੇ ਆਪਣੇ ਧਨੀਏ ਨੂੰ ਅਫ਼ਸਰ ਲੱਗਿਆ ਵੇਖਣ ਲਈ ਗੁਜ਼ਰ ਖ਼ਾਨ ਪ੍ਰਾਇਮਰੀ ਸਕੂਲ ‘ਚ ਪੜ੍ਹਨ ਲਾ ਦਿੱਤਾ। ਘਰ ਦੀ ਮੰਦਹਾਲੀ ਕਾਰਨ ਧਨੀਏ ਨੂੰ ਪੜ੍ਹਨੋਂ ਹਟਾ ਕੇ ਬਿਜਲੀ ਦਾ ਕੰਮ ਸਿੱਖਣ ਲਾ ਦਿੱਤਾ ਪਰ ਘਰ ਦੀ ਗਰੀਬੀ ਨੇ ਧਨੀ ਰਾਮ ਨੂੰ ਇਲੈਕਟ੍ਰੀਸ਼ਨ ਵੀ ਨਾ ਬਣਨ ਦਿੱਤਾ।

ਆਪਣੇ ਘਰ ਦੀ ਹਾਲਤ ਦੇਖ ਕੇ ਧਨੀ ਰਾਮ ਲੁਧਿਆਣੇ ਕੱਪੜਾ ਫੈਕਟਰੀ ‘ਚ ਦਿਹਾੜੀ ਕਰਨ ਲੱਗ ਪਿਆ ਪਰ ਉਸ ਅੰਦਰ ਜੋ ਸੰਗੀਤ ਦਾ ਜਵਾਲਾਮੁਖੀ ਦਹਿਕ ਰਿਹਾ ਸੀ ਉਸਨੇ ਚਮਕੀਲੇ ਨੂੰ ਸੁਰਿੰਦਰ ਛਿੰਦੇ ਦਾ ਸ਼ਾਗਿਰਦ ਬਣਾ ਦਿੱਤਾ ਉਸ ਦੇ ਲਿਖੇ ਗੀਤਾਂ ਵਿੱਚ ਪੰਜਾਬੀ ਸ਼ਬਦਾਂ ਦੀ ਜੜ੍ਹਤ ਦੇਖ ਕੇ ਦੂਜੇ ਕਲਾਕਾਰ ਵੀ ਉਸ ਤੋਂ ਪ੍ਰਭਾਵਿਤ ਹੋਣ ਲੱਗੇ। ਉਸ ਦੇ ਲਿਖੇ ਗੀਤਾਂ ਨੂੰ ਲਗਪਗ ਸਾਰੇ ਮੰਨੇ-ਪ੍ਰਮੰਨੇ ਕਲਾਕਾਰਾਂ ਨੇ ਗਾਇਆ ਹੈ।

ਆਪਣੇ ਸੰਘਰਸ਼ ਦੇ ਦਿਨਾਂ ਵਿੱਚ ਧਨੀ ਰਾਮ ਦਾ ਵਿਆਹ ਗੁਰਮੇਲ ਕੌਰ ਨਾਲ ਕਰ ਦਿੱਤਾ ਗਿਆ ਜਿਸ ਤੋਂ ਚਮਕੀਲੇ ਦੇ ਘਰ ਦੋ ਲੜਕੀਆਂ-ਅਮਨਦੀਪ ਤੇ ਕਮਲਦੀਪ ਪੈਦਾ ਹੋਈਆਂ। ਗੀਤਕਾਰੀ ਦੇ ਸਿਰ ‘ਤੇ ਧਨੀ ਰਾਮ ਦਾ ਗੁਜ਼ਾਰਾ ਮੁਸ਼ਕਿਲ ਹੋ ਰਿਹਾ ਸੀ। ਇਸ ਲਈ ਉਸ ਨੇ ਉਸਤਾਦ ਛਿੰਦੇ ਨਾਲ ਸਟੇਜਾਂ ‘ਤੇ ਗਾਉਣਾ ਸ਼ੁਰੂ ਕੀਤਾ। ਧਨੀ ਰਾਮ ਦਾ ਨਾਂ ‘ਅਮਰ ਸਿੰਘ ਚਮਕੀਲਾ’ ਚੰਡੀਗੜ੍ਹ ਨੇੜੇ ਬੁੜੈਲ ਵਿਖੇ ਲੱਗੀ ਰਾਮਲੀਲ੍ਹਾ ‘ਚ ਗੀਤਕਾਰ ਸਨਮੁੱਖ ਸਿੰਘ ਆਜ਼ਾਦ ਨੇ ਰੱਖਿਆ ।ਚਮਕੀਲੇ ਨੇ 1979 ‘ਚ ਸੁਰਿੰਦਰ ਛਿੰਦੇ ਨਾਲ ਗਾਉਂਦੀ ਕਲਾਕਾਰਾ ਸੁਰਿੰਦਰ ਸੋਨੀਆ ਨਾਲ ਆਪਣਾ ਪਹਿਲਾ ਐਲ.ਪੀ. ਰਿਕਾਰਡ ਟਕੂਏ ਤੇ ਟਕੂਆ ਖੜਕੇ ਐਚ.ਐਮ.ਵੀ. ਕੰਪਨੀ ‘ਚ ਸੰਗੀਤ ਸਮਰਾਟ ਚਰਨਜੀਤ ਆਹੂਜਾ ਦੇ ਸੰਗੀਤ ਹੇਠ ਕੱਢਿਆ। ਇਸ ਵਿੱਚ ਚਮਕੀਲੇ ਦੇ ਲਿਖੇ, ਕੰਪੋਜ਼ ਅਤੇ ਗਾਏ ਕੁੱਲ ਅੱਠ ਗੀਤ ਸਨ। ਇਹ ਐਲ.ਪੀ. ਗਰਮ ਜਲੇਬੀਆਂ ਵਾਂਗ ਵਿਿਕਆ। ਚਮਕੀਲਾ ਰਾਤੋ ਰਾਤ ਸਟਾਰ ਬਣ ਚੁੱਕਿਆ ਸੀ। ਚਮਕੀਲੇ ਦੀ ਪ੍ਰਸਿੱਧੀ ਦਾ ਆਲਮ ਇਹ ਸੀ ਕਿ ਲੋਕ ਉਸ ਦੀਆਂ ਵਿਹਲੀਆਂ ਤਰੀਕਾਂ ਦੇਖ ਕੇ ਹੀ ਆਪਣੇ ਵਿਆਹਾਂ ਦੇ ਦਿਨ ਧਰਦੇ ਸਨ।ਇਸ ਤੋਂ ਇਲਾਵਾ ਅਖਾੜਿਆਂ ਨੂੰ ਤਿੰਨ-ਤਿੰਨ ਮਹੀਨੇ ਪਹਿਲਾਂ ਚਾਰ-ਚਾਰ ਹਜ਼ਾਰ ਰੁਪਏ ਦੇ ਕੇ ਲੁਧਿਆਣੇ ਮੋਗੇ ਵਾਲੇ ਵੈਦਾਂ ਦੇ ਚੁਬਾਰੇ ‘ਚ ਪ੍ਰੋਗਰਾਮ ਬੁੱਕ ਕਰਵਾ ਜਾਂਦੇ ਸਨ।

ਚਮਕੀਲੇ ਦੀਆਂ ਧਾਰਮਿਕ ਟੇਪਾਂ- ‘ਨਾਮ ਜਪ ਲੈ’ ਅਤੇ ‘ਬਾਬਾ ਤੇਰਾ ਨਨਕਾਣਾ’ ਰਾਹੀਂ ਚਮਕੀਲੇ ਨੇ ਉਨ੍ਹਾਂ ਲੋਕਾਂ ਦੇ ਮੂੰਹਾਂ ਤੇ ਜਿੰਦੇ ਲਾ ਦਿੱਤੇ ਜਿਹੜੇ ਕਹਿੰਦੇ ਸਨ ਕਿ ਚਮਕੀਲਾ ਸਿਰਫ਼ ਅਸ਼ਲੀਲ ਗੀਤ ਹੀ ਗਾ ਸਕਦਾ ਹੈ। ਚਮਕੀਲੇ ਨੇ ਧਾਰਮਿਕ ਟੇਪਾਂ ਦੀ ਸਾਰੀ ਕਮਾਈ ਧਾਰਮਿਕ ਸਥਾਨਾਂ ਨੂੰ ਦਾਨ ਵਜੋਂ ਦਿੱਤੀ। ਪੰਜਾਬ ‘ਚ ਹੁਣ ਦਹਿਸ਼ਤਗਰਦੀ ਦਾ ਕਾਲਾ ਬੱਦਲ ਫੱਟ ਚੁੱਕਿਆ ਸੀ। ਕਿਹਾ ਜਾਂਦਾ ਹੈ ਕਿ ਦਹਿਸ਼ਤਗਰਦਾਂ ਨੇ ਦਹਿਸ਼ਤ ਫੈਲਾਉਣ ਦੇ ਮਨਸੂਬੇ ਨੂੰ ਅੰਜ਼ਾਮ ਦਿੰਦਿਆਂ ਜਲੰਧਰ ਨੇੜਲੇ ਪਿੰਡ ਮਹਿਸਪੁਰ ਵਿਖੇ 8 ਮਾਰਚ 1988 ਨੂੰ ਰੱਖੇ ਵਿਆਹ ਤੇ ਅਖਾੜਾ ਲਾਉਣ ਆਏ ਚਮਕੀਲੇ ਤੇ ਮਾਂ ਬਣਨ ਵਾਲੀ ਅਮਰਜੋਤ ਨੂੰ ਗੱਡੀ ‘ਚੋਂ ਉਤਰਨ ਸਮੇਂ ਹੀ ਗੋਲੀਆਂ ਨਾਲ ਭੁੰਨ ਦਿੱਤਾ ਪਰ ਚਮਕੀਲੇ-ਅਮਰਜੋਤ ਦੇ ਕਤਲ ਹੋਣ ਦਾ ਅਸਲ ਕਾਰਨ ਅਜੇ ਵੀ ਬੁਝਾਰਤ ਬਣਿਆ ਹੋਇਆ ਹੈ ਚਮਕੀਲਾ ਤਾਂ ਇਸ ਦੁਨੀਆਂ ਚੋਂ ਚੱਲਾ ਗਿਆ ਪਰ ਉਸਦੇ ਗੀਤ ਅੱਜ ਵੀ ਡੀ.ਜੇ ਤੇ ਟਰੈਕਟਰਾਂ ਤੇ ਵੱਜ ਰਹੇ ਹਨ ਅਤੇ ਚਮਕੀਲੇ ਦੇ ਅਖਾੜਿਆਂ ‘ਚ ਗਾਏ ਗੀਤਾਂ ਨੂੰ ਚੋਰੀ ਕਰਕੇ ਕਈ ਕਲਾਕਾਰ ਆਪਣੀ ਪ੍ਰਸਿੱਧੀ ਖੱਟ ਰਹੇ ਹਨ।

About Time TV

Check Also

ਸੈਮਸੰਗ ਦਾ ਨਵਾਂ Galaxy A40 ਹੋਇਆ ਲਾਂਚ

ਸੈਮਸੰਗ ਦਾ ਨਵਾਂ Galaxy A40 ਹੋਇਆ ਲਾਂਚ

Samsung Galaxy A40 : ਸੈਮਸੰਗ ਨੇ ਆਪਣੇ A ਸੀਰੀਜ ਦੇ ਤਹਿਤ ਨਵੇਂ ਸਮਾਰਟਫੋਨ A40 ਨੂੰ ...

Leave a Reply

Your email address will not be published. Required fields are marked *