ਏਸ਼ੀਆ ਕੱਪ ਦੇ ਉਦਘਾਟਨੀ ਮੈਂਚ 'ਚ ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ 137 ਦੌੜਾਂ ਨਾਲ ਹਰਾਕੇ ਏਸ਼ੀਆ ਕੱਪ 'ਚ ਆਪਣੇ ਸਫ਼ਰ ਦੀ ਜਿੱਤ ਨਾਲ ਸ਼ੁਰੂਆਤ ਕੀਤੀ ਹੈ । ਗਰੁੱਪ ਬੀ. ਦੇ ਇਸ ਮੈਂਚ ਵਿੱਚ ਕਪਤਾਨ ਮੁਸ਼ਫਿਕਰ ਰਹੀਮ (144) ਦੇ ਧਮਾਕੇਦਾਰ ਸੈਂਕੜੇ ਨਾਲ ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 49.3 ਓਵਰਾਂ 'ਚ 261 ਦੌੜਾਂ ਦਾ ਚੁਣੌਤੀਪੂਰਨ ਸਕੋਰ ਸ਼੍ਰੀਲੰਕਾਂ ਟੀਮ ਦੇ ਸਾਹਮਣੇ ਰੱਖਿਆ ਪਰ ਸ਼੍ਰੀਲੰਕਾ ਦੀ ਟੀਮ 35.2 ਓਵਰਾਂ ਵਿਚ 124 ਦੌੜਾਂ 'ਤੇ ਹੀ ਢੇਰ ਹੋ ਗਈ ।
ਜ਼ਿਕਰਯੋਗ ਹੈ ਕਿ ਰਹੀਮ ਨੂੰ 150 ਗੇਂਦਾਂ 'ਤੇ 144 ਦੌੜਾਂ ਦੀ ਉਸਦੀ ਸਰਵਸ੍ਰੇਸ਼ਠ ਪਾਰੀ ਲਈ 'ਮੈਨ ਆਫ ਦਿ ਮੈਚ' ਪੁਰਸਕਾਰ ਦਿੱਤਾ ਗਿਆ। ਰਹੀਮ ਦਾ ਇਹ ਛੇਵਾਂ ਸੈਂਕੜਾ ਸੀ ਤੇ ਆਪਣੀ ਪਾਰੀ ਵਿਚ ਉਸ ਨੇ 11 ਚੌਕੇ ਤੇ 4 ਛੱਕੇ ਲਾਏ।ਰਹੀਮ ਆਖਰੀ ਓਵਰ ਵਿਚ 261 ਦੇ ਸਕੋਰ 'ਤੇ ਆਊਟ ਹੋਇਆ।
ਜਾਣਕਾਰੀ ਲਈ ਦੱਸ ਦੇਈਏ ਕਿ ਬੰਗਲਾਦੇਸ਼ ਦੇ ਓਪਨਰ ਤਮੀਮ ਇਕਬਾਲ ਨੂੰ ਇਸ ਮੈਂਚ ਦੇ ਦੂਜੇ ਓਵਰ ਵਿੱਚ ਲਕਮਲ ਦੀ ਗੇਂਦ 'ਤੇ ਖੱਬੀ ਬਾਂਹ 'ਚ ਸੱਟ ਲੱਗ ਗਈ ਸੀ । ਜਿਸ ਕਾਰਨ ਹੁਣ ਉਸਨੂੰ ਘੱਟ ਤੋਂ ਘੱਟ ਛੇ ਹਫਤੇ ਤੱਕ ਮੈਦਾਨ ਤੋਂ ਬਾਹਰ ਰਹਿਣਾ ਪਵੇਗਾ ।
