ਚੰਡੀਗੜ੍ਹ, 20 ਸਤੰਬਰ : ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤੀ ਦਿਵਾਉਣ ਅਤੇ ਕਿਸਾਨਾਂ ਦੀ ਆਰਥਿਕ ਹਾਲਤ ਮਜ਼ਬੂਤ ਬਣਾਉਣ ਲਈ ਪੰਜਾਬ ਦੇ ਵੱਖਰੇ ਕਿਸਾਨ ਸੰਗਠਨਾਂ ਨੇ ਹੋਰ ਰਾਜਾਂ ਦੀ ਤਰਜ਼ ‘ਤੇ ਪੰਜਾਬ ਵਿੱਚ ਵੀ ਅਫ਼ੀਮ ਦੀ ਖੇਤੀ ਦੀ ਇਜਾਜ਼ਤ ਦੇਣ ਦੀ ਮੰਗ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਇਹ ਮੰਗ ਕਈ ਵਾਰ ਚੁੱਕੀ ਹੈ। ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਨੇਤਾਵਾਂ ਨੇ ਕਈ ਇਲਾਕਿਆਂ ‘ਚ | ਪ੍ਰਚਾਰ ਦੇ ਦੌਰਾਨ ਇਹ ਐਲਾਨ ਵੀ ਕੀਤਾ ਸੀ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਨਣ ਤੋਂ ਬਾਅਦ ਰਾਜ ਦੇ ਕਿਸਾਨਾਂ ਨੂੰ ਅਫ਼ੀਮ ਦੀ ਖੇਤੀ ਦੀ ਇਜਾਜ਼ਤ ਦਿੱਤੀ ਜਾਵੇਗੀ।ਇਸ ਨਾਲ ਆਰਥਿਕ ਹਾਲਤ ਮਜ਼ਬੂਤ ਹੋਵੇਗੀ।
ਕਿਸਾਨਾਂ ਨੂੰ ਕਰਜ਼ੇ ਤੋਂ ਰਾਹਤ ਮਿਲ ਸਕੇਗੀ। ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਤਾਂ ਇਸ ਮੌਦੇ ਨੂੰ ਲੈ ਕੇ ਬਹੁਤ ਜ਼ਿਆਦਾ ਗੰਭੀਰ ਹਨ ਅਤੇ ਵਾਰ-ਵਾਰ ਪੰਜਾਬ ਵਿੱਚ ਅਫੀਮ ਦੀ ਖੇਤੀ ਦੀ ਵਕਾਲਤ ਕਰ ਚੁੱਕੇ ਹਨ। ਇਸ ਕਾਰਨ ਕਈ ਕਿਸਾਨ ਯੂਨੀਅਨਾਂ ਵੀ ਡਾ. ਗਾਂਧੀ ਦੀ ਮੰਗ ਦਾ ਸਮਰਥਨ ਕਰ ਰਹੀਆਂ ਹਨ। ਡਾ. ਗਾਂਧੀ ਦਾ ਮੰਨਣਾ ਹੈ ਕਿ ਰਵਾਇਤੀ ਨਸ਼ੇ ਲੋਕਾਂ ਨੂੰ ਓਨਾ ਬਰਬਾਦ ਨਹੀਂ ਕਰਦੇ ਜਿੰਨਾ ਕਿ ਸਿੰਥੈਟਿਕ ਨਸ਼ੇ ਕਰਦੇ ਹਨ। ਇਹ ਹਕੀਕਤ ਵਿੱਚ ਵੀ ਠੀਕ ਹੈ। ਪਿਛਲੇ ਸਮਿਆਂ ਵਿੱਚ ਖੇਤਾਂ ਵਿੱਚ ਕੰਮ ਕਰਦੇ ਲੋਕਾਂ ਵਿੱਚੋਂ ਲੋਕ ਅਫੀਮ ਜਾਂ ਭੁਕੀ ਦਾ ਇਸਤੇਮਾਲ ਕਰਦੇ ਸਨ। ਉਹ ਇਨ੍ਹਾਂ ਨਸ਼ਿਆਂ ਨਾਲ ਕੰਮ ਵੀ ਚੌਖਾ ਕਰਦੇ ਸਨ ਅਤੇ ਜਿਸਮਾਨੀ ਤੌਰ ‘ਤੇ ਵੀ ਠੀਕ ਰਹਿੰਦੇ ਸਨ।
ਇਹ ਸੱਚ ਹੈ ਕਿ ਇਹ ਲੋਕ ਚੋਰੀਆਂ ਜਾਂ ਲੁੱਟਖੋਹ ਦੀਆਂ ਵਾਰਦਾਤਾਂ ਨਹੀਂ ਕਰਦੇ ਸਨ। ਹੁਣ ਸਿੰਥੈਟਿਕ ਨਸ਼ਿਆਂ ਕਾਰਨ ਨੌਜਵਾਨ ਨਸ਼ਿਆਂ ਦੀ ਪੂਰਤੀ ਲਈ ਕੋਈ ਵੀ ਜੁਰਮ ਕਰਨ ਲਈ ਤਿਆਰ ਰਹਿੰਦੇ ਹਨ। ਉਹ ਕੋਈ ਕੰਮ ਵੀ ਨਹੀਂ ਕਰਦੇ।ਜਿਹੜੇ ਕੰਮਕਾਰ ਕਰਨ ਵਾਲੇ ਜਾਂ ਪੜ੍ਹਨ ਵਾਲੇ ਨੌਜਵਾਨ ਸਿੰਥੈਟਿਕ ਨਸ਼ਾ ਕਰਨ ਲੱਗ ਜਾਂਦੇ ਹਨ ਉਹ ਕੰਮਕਾਰ ਤੋਂ ਵੀ ਜਾਂਦੇ ਹਨ ਅਤੇ ਪੜ੍ਹਾਈ ਤੋਂ ਵੀ। ਰਾਜਸਥਾਨ ਅਤੇ ਕੁੱਝ ਹੋਰ ਰਾਜਾਂ ਵਿੱਚ ਅਫ਼ੀਮ ਦੀ ਖੇਤੀ ਨੂੰ ਗੈਰਕਨੂੰਨੀ ਨਹੀਂ ਮੰਨਿਆ ਜਾਂਦਾ ਹੈ।ਉੱਥੇ ਅਫ਼ੀਮ ਦੀ ਖੇਤੀ ਨੂੰ ਸਰਕਾਰ ਤੋਂ ਮਨਜ਼ੂਰੀ ਮਿਲੀ ਹੋਈ ਹੈ। ਇਸ ਤੋਂ ਉੱਥੇ ਦੇ ਜੋ ਕਿਸਾਨ ਅਫ਼ੀਮ ਦੀ ਖੇਤੀ ਕਰਦੇ ਹਨ, ਉਨ੍ਹਾਂ ਦੀ ਆਰਥਿਕ ਹਾਲਤ ਕਾਫ਼ੀ ਮਜ਼ਬੂਤ ਹੈ ਅਤੇ ਉਨ੍ਹਾਂ ਤੇ ਕਰਜ਼ੇ ਵੀ ਕਾਫ਼ੀ ਘੱਟ ਹਨ। ਉੱਥੇ ਤੋਂ ਅਫ਼ੀਮ ਦੂਜੇ ਰਾਜਾਂ ਵਿੱਚ ਵੀ ਭੇਜੀ ਜਾਂਦੀ ਹੈ, ਜਿਸ ਨਾਲ ਕਿਸਾਨ ਕਾਫ਼ੀ ਪੈਸਾ ਕਮਾਉਂਦੇ ਹਨ।
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣ ਦੇ ਦੌਰਾਨ ਕਾਂਗਰਸ ਨੇ ਕਿਸਾਨਾਂ ਨਾਲ ਕਈ ਵਾਅਦੇ ਕੀਤੇ ਸਨ। ਇਹਨਾਂ ਵਿੱਚ ਕਰਜ਼ੇ ਮੁਆਫ਼ ਕਰਨਾ ਫਸਲੀ ਵਿਭਿੰਨਤਾ ਦੇ ਤਹਿਤ ਹੋਰ ਫਸਲਾਂ ਲਈ ਕਿਸਾਨਾਂ ਨੂੰ ਮਦਦ ਕਰਨਾ ਸ਼ਾਮਿਲ ਸਨ, ਪਰ ਪੰਜਾਬ ‘ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਇਹਨਾਂ ਚੋਂ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ। ਕਿਸਾਨ ਨੇਤਾਵਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਅਫੀਮ ਦੀ ਖੇਤੀ ਨੂੰ ਮਨਜ਼ੂਰੀ ਮਿਲਣ ਨਾਲ ਨੌਜਵਾਨ ਕੈਮੀਕਲ ਨਸ਼ਾ ਦੀ ਪਕੜ ਤੋਂ ਅਜ਼ਾਦ ਹੋ ਜਾਣਗੇ। ਮੌਜੂਦਾ ਸਮੇਂ ‘ਚ ਪੰਜਾਬ ਦੇ ਅੱਧੇ ਤੋਂ ਜ਼ਿਆਦਾ ਨੌਜਵਾਨ ਕੈਮੀਕਲ ਨਸ਼ਾ ਕਰਦਾ ਹੈ ਜਿਸ ਦੀ ਚਪੇਟ ਵਿੱਚ ਆਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ। ਇਸ ਨਾਲ ਕੈਮੀਕਲ ਨਸ਼ੇ ਦੀ ਜਕੜ ਵਿੱਚ ਫਸੇ ਨੌਜਵਾਨ ਆਜ਼ਾਦ ਹੋਣਗੇ।