Breaking News
Home / Delhi / ਦਿੱਲੀ ਕਮੇਟੀ ਅਦਾਲਤ ‘ਚ ਲੜੇਗੀ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ

ਦਿੱਲੀ ਕਮੇਟੀ ਅਦਾਲਤ ‘ਚ ਲੜੇਗੀ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ

ਨਵੀਂ ਦਿੱਲੀ (6 ਨਵੰਬਰ 2018): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰ ਸਾਹਿਬਾਨਾ ‘ਤੇ ਗੁਰੂ ਦੀ ਗੋਲਕ ਦੀ ਦੁਰਵਰਤੋਂ ਦੇ ਲਗੇ ਸਾਰੇ ਦੋਸ਼ਾਂ ਦਾ ਨਿਪਟਾਰਾ ਅਦਾਲਤ ਰਾਹੀਂ ਹੋਵੇ, ਇਸ ਲਈ ਦਿੱਲੀ ਕਮੇਟੀ ਪੂਰੀ ਕੋਸ਼ਿਸ਼ ਕਰੇਗੀ। ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਸੰਬੰਧ ‘ਚ ਸਾਰੇ ਤੱਥ ਅਦਾਲਤ ‘ਚ ਰੱਖਣ ਦਾ ਫੈਸਲਾ ਕੀਤਾ ਹੈ।

ਦਰਅਸਲ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਵੱਲੋਂ ਮੌਜੂਦਾ ਕਮੇਟੀ ਦੇ ਕੁਝ ਅਹੁਦੇਦਾਰਾ ਅਤੇ ਅਧਿਕਾਰੀਆਂ ਦੇ ਖਿਲਾਫ਼ ਠੱਗੀ ਮਾਰਨ ਦੇ ਦੋਸ਼ ‘ਚ ਐਫ.ਆਈ.ਆਰ. ਦਰਜ ਕਰਾਉਣ ਲਈ ਦਿੱਲੀ ਦੀ ਪਟਿਆਲਾ ਹਾਊਸ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ।

ਮੁਖ ਜੱਜ ਦੇ ਛੁੱਟੀ ‘ਤੇ ਹੋਣ ਕਰਕੇ ਲੰਿਕ ਜੱਜ ਵੱਲੋਂ ਕੱਲ੍ਹ ਕੀਤੀ ਗਈ ਸੁਣਵਾਈ ਦੌਰਾਨ ਅਦਾਲਤ ਵੱਲੋਂ ਜਾਂਚ ਅਧਿਕਾਰੀ ਨੂੰ ਅਗਲੀ ਸੁਣਵਾਈ ਵਾਲੇ ਦਿਨ 26 ਨਵੰਬਰ ਨੂੰ ਕੇਸ ਦੀ ਰਿਪੋਰਟ ਸੌਂਪਣ ਦਾ ਆਦੇਸ਼ ਦੇਣ ਦਾ ਹਵਾਲਾ ਸਾਹਮਣੇ ਆਇਆ ਹੈ।

ਇਸ ਮਾਮਲੇ ‘ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਅਸੀਂ ਸ਼ੰਟੀ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਅਦਾਲਤ ‘ਚ ਜਾ ਕੇ ਸਮੂਹ ਅਹੁਦੇਦਾਰ ਸਾਹਿਬਾਨਾਂ ਦੇ ਮਾਲੀ ਘੱਪਲਿਆਂ ਦੀ ਸੱਚਾਈ ਸਾਹਮਣੇ ਲਿਆਉਣ ਦਾ ਰਾਹ ਪੱਧਰਾ ਕਰ ਦਿੱਤਾ ਹੈ।

ਸ਼ੰਟੀ ਵੱਲੋਂ ਬੀਤੇ ਦਿਨੀਂ ਪ੍ਰੈਸ ਕਾਨਫਰੰਸ ਰਾਹੀਂ ਲਗਾਏ ਗਏ ਆਰੋਪਾ ਤੋਂ ਬਾਅਦ ਕਮੇਟੀ ਵੱਲੋਂ ਥਾਣਾ ਨੌਰਥ ਐਵੇਨਿਊ ਵਿਖੇ ਸ਼ੰਟੀ ਖਿਲਾਫ, ਫਰਜ਼ੀ ਅਰੋਪਾ ਰਾਹੀਂ ਕਮੇਟੀ ਪ੍ਰਬੰਧਕਾਂ ਦੀ ਅਪਰਾਧਿਕ ਮਾਨਹਾਨੀ ਕਰਨ ਦੀ ਸ਼ਿਕਾਇਤ ਕੀਤੀ ਗਈ ਸੀ। ਪਰ ਪੁਲਿਸ ਵੱਲੋਂ ਇਸ ਮਾਮਲੇ ‘ਤੇ ਸ਼ੰਟੀ ਖਿਲਾਫ਼ ਕਾਰਵਾਈ ਕਰਨ ਤੋਂ ਹੁਣ ਤਕ ਪਾਸਾ ਵੱਟਿਆ ਜਾ ਰਿਹਾ ਹੈ।

ਪਰਮਿੰਦਰ ਨੇ ਕਿਹਾ ਕਿ ਸ਼ੰਟੀ ਦੇ ਅਦਾਲਤ ਜਾਣ ਨਾਲ ਹੁਣ ਅਸੀਂ ਇਸ ਮਸਲੇ ਨੂੰ ਵੀ ਨਾਲ ਸੁਣਵਾਈ ਕਰਨ ਵਾਸਤੇ ਅਦਾਲਤ ਦਾ ਰੁੱਖ ਕਰਾਂਗੇ।ਨਾਲ ਹੀ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਆਪਣੀ ਬੇਟੀ ਦੀ ਕੰਪਨੀ ਤੋਂ ਕਮੇਟੀ ਸਟਾਫ਼ ਦੀ ਖਰੀਦੀ ਗਈ ਵਰਦੀ,

ਆਪਣੀ ਕੰਪਨੀ ਤੋਂ ਬਰਤਨਾਂ ਦੀ ਸਪਲਾਈ ਅਤੇ 2013 ਦੀ ਦਿੱਲੀ ਕਮੇਟੀ ਚੋਣਾਂ ਦੌਰਾਨ ਕਮੇਟੀ ਪ੍ਰਧਾਨ ਰਹਿੰਦੇ ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ 27 ਲੱਖ ਰੁਪਏ ਦੀ ਚੋਣ ਪ੍ਰਚਾਰ ਸਮਗ੍ਰੀ ਗੁਰੂ ਦੀ ਗੋਲਕ ਤੋਂ ਛਾਪਣ ਦੇ ਸਬੂਤ ਵੀ ਅਦਾਲਤ ਦੇ ਸਾਹਮਣੇ ਰਖਾਂਗੇ।

ਪਰਮਿੰਦਰ ਨੇ ਦੱਸਿਆ ਕਿ ਕਮੇਟੀ ਦੇ ਸਾਬਕਾ ਜੁਆਇੰਟ ਸਕੱਤਰ ਕਰਤਾਰ ਸਿੰਘ ਕੋਛੜ ਵੱਲੋਂ ਸ਼ੰਟੀ ਦੇ ਜਨਰਲ ਸਕੱਤਰ ਰਹਿੰਦੇ ਉਸ ਦੇ ਖਿਲਾਫ 120 ਦਿਨਾਂ ‘ਚ 5 ਕਰੋੜ ਰੁਪਏ ਦੀ ਸ਼ਬਜ਼ੀ ਲੰਗਰ ਵਾਸਤੇ ਖਰੀਦਣ ਦੇ ਸਬੂਤ ਪਟਿਆਲਾ ਹਾਊਸ ਕੋਰਟ ‘ਚ ਜਮਾਂ ਕਰਵਾਏ ਗਏ ਸੀ,ਪਰ ਕਮੇਟੀ ਪ੍ਰਬੰਧਕਾਂ ਦੀ ਬੇਰੁਖੀ ਕਰਕੇ ਸ਼ੰਟੀ ਦੋਸ਼ੀ ਸਾਬਿਤ ਨਹੀਂ ਹੋਇਆ ਸੀ।

ਇਸ ਲਈ ਅਦਾਲਤੀ ਦੋਸ਼ਾਂ ਦੇ ਬਾਵਜੂਦ ਪਟਿਆਲਾ ਹਾਊਸ ਕੋਰਟ ‘ਚ ਬੰਦ ਹੋਏ ਮੁੱਕਦਮੇ ਦੇ ਤੱਥ ਵੀ ਮੌਜੂਦਾ ਮੁਕਦਮੇ ਦੇ ਨਾਲ ਨੱਥੀ ਕਰਕੇ ਅਸੀਂ ਅਦਾਲਤ ਨੂੰ ਸਮਝਾਵਾਂਗੇ ਕਿ ਕਮੇਟੀ ਪ੍ਰਬੰਧਕਾਂ ਦੇ ਖਿਲਾਫ਼ ਆਰੋਪ ਲਗਾਉਣ ਵਾਲੇ ਸਮੂਹ ਵਿਰੋਧੀ ਆਗੂ ਕਥਿਤ ਤੌਰ ‘ਤੇ ਪ੍ਰਮਾਣਿਕ ਘੱਪਲੇਬਾਜ਼ ਹਨ।

ਪਰਮਿੰਦਰ ਨੇ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਲਗਾਏ ਗਏ ਦੋਸ਼ਾਂ ‘ਤੇ ਅਸੀਂ ਆਪਣੀ ਅਧਿਕਾਰਿਕ ਪ੍ਰਤੀਕਰਮ ਦੇਣ ‘ਚ ਦੇਰੀ ਇਸੇ ਰਣਨੀਤੀ ਤਹਿਤ ਕੀਤੀ ਸੀ ਤਾਂਕਿ ਅਤਿ ਉਤਸ਼ਾਹ ‘ਚ ਆਰੋਪ ਲਗਾਉਣ ਵਾਲੇ ਕੋਈ ਅਜਿਹੀ ਗਲਤੀ ਕਰਨ, ਜਿਸ ਕਰਕੇ ਸੰਗਤਾਂ ਦੇ ਸਾਹਮਣੇ ਸੱਚਾਈ ਪ੍ਰਮਾਣਿਕ ਅਤੇ ਤੱਥਾਂ ਦੇ ਨਾਲ ਸਾਹਮਣੇ ਆ ਸਕੇ।

ਪਰਮਿੰਦਰ ਨੇ ਉਮੀਦ ਜਤਾਈ ਕਿ ਕਮੇਟੀ ਪ੍ਰਧਾਨ ‘ਤੇ ਲੱਗੇ ਦੋਸ਼ਾਂ ਵਿਚੋਂ ਉਹ ਪਾਕ-ਸਾਫ਼ ਹੋ ਕੇ ਬਾਹਰ ਨਿਕਲਣਗੇ। ਇਸ ਗੱਲ ਦਾ ਸਾਨੂੰ ਪੂਰਾ ਵਿਸ਼ਵਾਸ ਹੈ।ਕਿਊਂਕਿ ਵਿਰੋਧੀਆਂ ਵੱਲੋਂ ਲਗਾਏ ਗਏ ਆਰੋਪ ਅਦਾਲਤ ਦੇ ਸਾਹਮਣੇ ਸਾਬਿਤ ਹੋਣੇ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹਨ।

ਪੱਤਰਕਾਰਾਂ ਵੱਲੋਂ 6 ਸਾਲ ਪੁਰਾਣੇ ਮਾਮਲਿਆਂ ਨੂੰ ਮੁੜ੍ਹ ਖੋਲਣ ਦੀ ਕਮੇਟੀ ਦੀ ਸਿਆਸਤ ‘ਤੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਪਰਮਿੰਦਰ ਨੇ ਕਿਹਾ ਕਿ ਫਰਵਰੀ 2013 ‘ਚ ਕਮੇਟੀ ਦਾ ਕਾਰਜਭਾਰ ਸੰਭਾਲਣ ਵੇਲੇ ਸਾਨੂੰ ਇਸ ਗੱਲ ਦੀ ਜਾਣਕਾਰੀ ਸਟਾਫ਼ ਵੱਲੋਂ ਦਿੱਤੀ ਗਈ ਸੀ ਕਿ ਪੁਰਾਣੇ ਪ੍ਰਬੰਧਕ ਕੰਪਿਊਟਰਾਂ ਦੀ ਹਾਰਡ-ਡਿਸਕ ਸਣੇ ਕਈ ਜਰੂਰੀ ਕਾਗਜਾਤ ਆਪਣੇ ਨਾਲ ਲੈ ਗਏ ਹਨ।

ਜਿਸਦੀ ਸ਼ਿਕਾਇਤ ਅਸੀਂ ਉਸ ਵੇਲੇ ਸੰਸਦ ਮਾਰਗ ਥਾਣੇ ‘ਚ ਦਿੱਤੀ ਸੀ। ਪਰ ਹੁਣ ਕੋਛੜ ਵੱਲੋਂ ਸ਼ਬਜ਼ੀ ਘੋਟਾਲੇ ਦੇ ਸਾਰੇ ਕਾਗਜਾਤ ਕਮੇਟੀ ਪ੍ਰਧਾਨ ਨੂੰ ਸੌਂਪਣ ਦੀ ਕੀਤੀ ਗਈ ਪੇਸ਼ਕਸ਼ ਤੋਂ ਬਾਅਦ ਅਸੀਂ ਇਸ ਮਾਮਲੇ ‘ਚ ਕਮੇਟੀ ਬਣਾ ਦਿੱਤੀ ਹੈ। ਜੋ ਕਿ ਹੁਣ ਸਬੰਧਿਤ ਕਾਗਜਾਤ ਲੈ ਕੇ ਅਦਾਲਤ ਦੇ ਸਾਹਮਣੇ ਰੱਖੇਗੀ।

About Time TV

Check Also

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਹੋਇਆ ਸਵਾਇਨ ਫਲੂ

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਹੋਇਆ ਸਵਾਇਨ ਫਲੂ

ਭਾਰਤੀਏ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਇਨ ਫਲੂ ਹੋ ਗਿਆ ਹੈ। ਅਮਿਤ ...